ਨਿਊਯਾਰਕ/ਟਾਂਡਾ ਉੜਮੁੜ, 19 ਜੂਨ (ਪੰਜਾਬ ਮੇਲ)-ਅਮਰੀਕਾ ‘ਚ ਸ਼ਨੀਵਾਰ ਨੂੰ ਹੋਏ ਇਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਅਮਨਦੀਪ ਸਿੰਘ ਦੀ ਮੌਤ ਹੋ ਗਈ। ਉਹ ਪੰਜਾਬ ਦੇ ਪਿੰਡ ਟਾਂਡਾ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ ਬੀਤੇ ਦਿਨੀਂ 17 ਜੂਨ ਨੂੰ ਅਮਨਦੀਪ ਸਿੰਘ (18) ਆਪਣੇ ਕੰਮ ਤੋਂ ਛੁੱਟੀ ਕਰ ਕੇ ਸ਼ਾਮ ਨੂੰ ਵਾਪਸ ਆ ਕੇ ਆਪਣੇ 3 ਦੋਸਤਾਂ ਨਾਲ ਆਪਣੇ ਇਕ ਹੋਰ ਦੋਸਤ ਦੇ ਜਨਮ ਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਕੁਝ ਦੂਰ ਜਾਣ ‘ਤੇ ਹੀ ਉਨ੍ਹਾਂ ਦੀ ਗੱਡੀ ਸੜਕ ‘ਤੇ ਬਣੇ ਇਕ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ‘ਚ ਅਮਨਦੀਪ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਉਸ ਨੂੰ ਨੇੜੇ ਦੇ ਇਕ ਹਸਪਤਾਲ ‘ਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਘਰ ਦੇ ਇਕਲੌਤੇ ਚਿਰਾਗ ਅਮਨਦੀਪ ਦੇ ਜਾਣ ਨਾਲ ਮਾਤਾ-ਪਿਤਾ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਇਸ ਸਬੰਧ ‘ਚ ਬਲਵਿੰਦਰ ਸਿੰਘ ਬਿੱਟੂ ਪ੍ਰਧਾਨ ਧੰਨ-ਧੰਨ ਬਾਬਾ ਸ਼੍ਰੀ ਚੰਦਰ ਜੀ ਵੈੱਲਫੇਅਰ ਸੋਸਾਇਟੀ (ਰਜਿ.) ਬੇਗੋਵਾਲ ਜ਼ਿਲ੍ਹਾ ਕਪੂਰਥਲਾ ਪੰਜਾਬ ਨੇ ਦੱਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਤੇ ਜੀਜਾ ਰਵਿੰਦਰਪਾਲ ਸਿੰਘ ਆਪਣੇ ਇਕਲੌਤੇ ਪੁੱਤ ਅਮਨਦੀਪ ਸਿੰਘ ਨਾਲ 13 ਸਾਲਾਂ ਤੋਂ ਨਿਊਯਾਰਕ ਅਮਰੀਕਾ ਵਿਚ ਰਹਿ ਰਹੇ ਸਨ।