-ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਹੋਣ ਦੀ ਚੇਤਾਵਨੀ
ਵਾਸ਼ਿੰਗਟਨ, 15 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੇ ਸਰਕਾਰੀ ਸ਼ਟਡਾਊਨ ਦੇ ਮੱਦੇਨਜ਼ਰ ਦੇਸ਼ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਇਸੇ ਦੌਰਾਨ ਰਿਪਬਲਿਕਨ ਪਾਰਟੀ ਦੇ ਸਪੀਕਰ ਮਾਈਕ ਜੌਨਸਨ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਇਹ ਸ਼ਟਡਾਊਨ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਫੰਡ ਨੂੰ ਪ੍ਰਵਾਨਗੀ ਨਾ ਮਿਲਣ ਕਾਰਨ ਦੇਸ਼ ‘ਚ 1 ਅਕਤੂਬਰ ਨੂੰ ਸ਼ਟਡਾਊਨ ਸ਼ੁਰੂ ਹੋ ਗਿਆ ਸੀ।
ਸਪੀਕਰ ਜੌਨਸਨ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨਾਲ ਗੱਲਬਾਤ ਨਹੀਂ ਕਰਨਗੇ, ਜਦੋਂ ਤੱਕ ਉਹ ‘ਅਫੋਰਡੇਬਲ ਕੇਅਰ ਐਕਟ’ ਤਹਿਤ ਸਿਹਤ ਬੀਮੇ ਲਈ ਫੈਡਰਲ ਰਿਆਇਤ ਦੇ ਵਿਸਥਾਰ ਦੀਆਂ ਆਪਣੀਆਂ ਮੰਗਾਂ ਨੂੰ ਨਹੀਂ ਛੱਡਦੇ।
ਇਸ ਸ਼ਟਡਾਊਨ ਕਾਰਨ ਹਜ਼ਾਰਾਂ ਫੈਡਰਲ ਕਰਮਚਾਰੀਆਂ ਨੂੰ ਛੁੱਟੀ ‘ਤੇ ਭੇਜਿਆ ਜਾ ਰਿਹਾ ਹੈ ਤੇ ਕਈਆਂ ਨੂੰ ਬਰਖ਼ਾਸਤ ਕੀਤਾ ਜਾ ਰਿਹਾ ਹੈ, ਜਿਸ ਨੂੰ ਸਰਕਾਰ ਦੇ ਦਾਇਰੇ ਨੂੰ ਸੀਮਤ ਕਰਨ ਲਈ ਸ਼ਟਡਾਊਨ ਦਾ ਫਾਇਦਾ ਚੁੱਕਣ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।
ਇਸ ਸ਼ਟਡਾਊਨ ਕਾਰਨ ਨਿਯਮਿਤ ਸਰਕਾਰੀ ਕੰਮਕਾਜ ਠੱਪ ਹੋ ਗਿਆ ਹੈ ਤੇ ਕਈ ਅਜਾਇਬ ਘਰ ਅਤੇ ਇਤਿਹਾਸਕ ਸੱਭਿਆਚਾਰਕ ਸੰਸਥਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡਿਆਂ ‘ਤੇ ਉਡਾਣਾਂ ‘ਤੇ ਵੀ ਅਸਰ ਪਿਆ ਹੈ, ਜਿਸ ਕਾਰਨ ਲੋਕਾਂ ‘ਚ ਅਫਰਾ-ਤਫਰੀ ਮਚ ਗਈ ਹੈ ਤੇ ਸਰਕਾਰੀ ਫੰਡਿੰਗ ਰੁਕਣ ਕਾਰਨ ਅਰਥਵਿਵਸਥਾ ਵਿਚ ਹੋਰ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਤੇ ਜੇਕਰ ਇਹੀ ਹਾਲ ਰਿਹਾ, ਤਾਂ ਦੇਸ਼ ਦੇ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ।
ਮਾਈਕ ਜੌਹਨਸਨ ਨੇ ਇਸ ਹਫ਼ਤੇ ਫੌਜੀ ਕਰਮਚਾਰੀਆਂ (ਮਿਲਟਰੀ ਪਰਸੋਨਲ) ਅਤੇ ਤੱਟ ਰੱਖਿਅਕ ਬਲ (ਕੋਸਟ ਗਾਰਡ) ਨੂੰ ਤਨਖਾਹ ਯਕੀਨੀ ਬਣਾਉਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕੀਤਾ।
ਅਮਰੀਕਾ ‘ਚ ਸਰਕਾਰੀ ਸ਼ਟਡਾਊਨ ਕਾਰਨ ਹਾਲਾਤ ਬਣੇ ਚਿੰਤਾਜਨਕ
