#AMERICA

ਅਮਰੀਕਾ ‘ਚ ਵਾਪਰੇ ਭਿਆਨਕ ਜਹਾਜ਼-ਹੈਲੀਕਾਪਟਰ ਹਾਦਸੇ ਦੇ ਸਾਰੇ 67 ਪੀੜਤਾਂ ਦੀਆਂ ਲਾਸ਼ਾਂ ਬਰਾਮਦ

ਅਰਲਿੰਗਟਨ (ਅਮਰੀਕਾ), 5 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਪਿਛਲੇ ਹਫ਼ਤੇ ਵਾਪਰੇ ਭਿਆਨਕ ਜਹਾਜ਼ ਹਾਦਸੇ ਦੇ ਸਾਰੇ 67 ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰੀਗਨ ਨੈਸ਼ਨਲ ਏਅਰਪੋਰਟ ਦੇ ਨੇੜੇ ਇੱਕ ਜਹਾਜ਼ ਅਤੇ ਹੈਲੀਕਾਪਟਰ ਵਿਚਕਾਰ ਹਵਾ ਵਿਚ ਟੱਕਰ ਹੋ ਗਈ ਸੀ। ਪੋਟੋਮੈਕ ਨਦੀ ਦੇ ਨੇੜੇ ਵਾਪਰੇ ਇਸ ਹਾਦਸੇ ਵਿਚ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਨਦੀ ਵਿਚ ਡਿੱਗ ਗਿਆ।
ਅਧਿਕਾਰੀਆਂ ਦੇ ਹਵਾਲੇ ਨਾਲ ਇੱਕ ਨਿਊਜ਼ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਮੁੱਖ ਮੈਡੀਕਲ ਜਾਂਚਕਰਤਾ ਅਜੇ ਵੀ ਕੁਝ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੰਗਲਵਾਰ ਨੂੰ ਪੋਟੋਮੈਕ ਨਦੀ ਤੋਂ ਮਲਬਾ ਹਟਾਉਣ ਦਾ ਕੰਮ ਜਾਰੀ ਰਿਹਾ, ਜਿੱਥੇ ਪਿਛਲੇ ਹਫ਼ਤੇ ਬੁੱਧਵਾਰ ਰਾਤ ਨੂੰ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਨੇੜਲੇ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨ ਵਾਲਾ ਸੀ।