#AMERICA

ਅਮਰੀਕਾ ‘ਚ ਵਾਪਰੇ ਟਰੱਕ ਹਾਦਸੇ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕਰਨ ‘ਤੇ ਛੇੜੀ ਬਹਿਸ ਛੇੜ

-ਅਣਅਧਿਕਾਰਤ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇਣਾ ‘ਪਰੇਸ਼ਾਨ ਕਰਨ ਵਾਲਾ’: ਵ੍ਹਾਈਟ ਹਾਊਸ
ਵਾਸ਼ਿੰਗਟਨ, 24 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ ਵਾਪਰੇ ਇੱਕ ਟਰੱਕ ਹਾਦਸੇ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕਰਨ ਸਬੰਧੀ ਵੱਡੇ ਪੱਧਰ ‘ਤੇ ਬਹਿਸ ਛੇੜ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿਚ ਬੀਤੇ ਦਿਨੀਂ ਵਾਪਰੇ ਵੱਡੇ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਤੋਂ ਇਲਾਵਾ 4 ਹੋਰ ਜ਼ਖਮੀ ਹੋਏ ਅਤੇ ਅੱਠ ਗੱਡੀਆਂ ਨੁਕਸਾਨੀਆਂ ਗਈਆਂ ਸਨ।
ਅਧਿਕਾਰੀਆਂ ਨੇ ਹਾਦਸੇ ਦਾ ਕਾਰਨ ਬਣਨ ਦੇ ਦੋਸ਼ੀ ਡਰਾਈਵਰ ਦੀ ਪਛਾਣ 21 ਸਾਲਾ ਜਸ਼ਨਪ੍ਰੀਤ ਸਿੰਘ ਵਜੋਂ ਕੀਤੀ ਹੈ, ਜਿਸ ‘ਤੇ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿਚ ਇੱਕ ਕਮਰਸ਼ੀਅਲ ਟਰੱਕ ਚਲਾਉਣ ਦਾ ਦੋਸ਼ ਹੈ।
ਇਹ ਟੱਕਰ ਆਈ-10 ਫ੍ਰੀਵੇਅ ‘ਤੇ ਹੋਈ, ਜਦੋਂ ਜਸ਼ਨਪ੍ਰੀਤ ਸਿੰਘ ਦੇ ਵੱਡੇ ਰਿਗ ਟਰੱਕ ਨੇ ਹੌਲੀ ਹੋ ਰਹੇ ਟਰੈਫਿਕ ਨੂੰ ਟੱਕਰ ਮਾਰ ਦਿੱਤੀ।
ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (ਡੀ.ਐੱਚ.ਐੱਸ.) ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਭਾਰਤ ਤੋਂ ਇੱਕ ਅਣਅਧਿਕਾਰਤ ਪ੍ਰਵਾਸੀ ਹੈ, ਜੋ 2022 ਵਿਚ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋਇਆ ਸੀ ਅਤੇ ਬਾਅਦ ਵਿਚ ਦੇਸ਼ ਵਿਚ ਛੱਡ ਦਿੱਤਾ ਗਿਆ ਸੀ। ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ.ਐੱਸ.ਈ.) ਏਜੰਸੀ ਨੇ ਨਸ਼ੇ ਦੀ ਹਾਲਤ ਵਿਚ ਭਿਆਨਕ ਗੱਡੀ ਚਲਾ ਕੇ ਗੈਰ-ਇਰਾਦਤਨ ਕਤਲ ਦੇ ਦੋਸ਼ਾਂ ਤਹਿਤ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਜ਼ਰਬੰਦੀ ਦੀ ਬੇਨਤੀ (ਡਿਟੇਨਰ ਰਿਕੁਐਸਟ) ਦਾਖਲ ਕੀਤੀ ਹੈ।
ਵੀਰਵਾਰ ਨੂੰ ਵ੍ਹਾਈਟ ਹਾਊਸ ਦੀ ਇੱਕ ਬ੍ਰੀਫਿੰਗ ਵਿਚ ਪ੍ਰੈੱਸ ਸਕੱਤਰ ਕੈਰੋਲਿਨ ਲੀਵਿਟ ਨੇ ਇਸ ਦੀ ਆਲੋਚਨਾ ਕੀਤੀ। ਉਨ੍ਹਾਂ ਰਾਜਾਂ ਵੱਲੋਂ ਅਣਅਧਿਕਾਰਤ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰ ਲਾਇਸੈਂਸ (ਸੀ.ਡੀ.ਐੱਲ.ਐੱਸ.) ਜਾਰੀ ਕਰਨ ਨੂੰ ‘ਪਰੇਸ਼ਾਨ ਕਰਨ ਵਾਲਾ’ ਦੱਸਿਆ। ਉਨ੍ਹਾਂ ਪੁਸ਼ਟੀ ਕੀਤੀ ਕਿ ਕੈਲੀਫ਼ੋਰਨੀਆ ਨੇ ਸਿੰਘ ਨੂੰ ਇੱਕ ਸੀ.ਡੀ.ਐੱਲ. ਦਿੱਤਾ ਸੀ ਅਤੇ ਕਿਹਾ ਕਿ ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ (ਡੀ.ਓ.ਟੀ.) ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਲੀਵਿਟ ਨੇ ਕਿਹਾ, ”ਕੈਲੀਫ਼ੋਰਨੀਆ ਨੇ ਇਸ ਵਿਅਕਤੀ ਨੂੰ ਲਾਇਸੈਂਸ ਦਿੱਤਾ ਅਤੇ ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ ਜਾਂਚ ਕਰ ਰਿਹਾ ਹੈ ਕਿ ਇਹ ਕਿਵੇਂ ਹੋਇਆ। ”
ਸਕੱਤਰ ਡੱਫੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਯੋਗ ਜਾਂ ਵਪਾਰਕ ਵਾਹਨਾਂ ਨੂੰ ਚਲਾਉਣ ਲਈ ਗੈਰ-ਲਾਇਕ ਵਿਅਕਤੀਆਂ ਨੂੰ ਲਾਇਸੈਂਸ ਜਾਰੀ ਨਹੀਂ ਕੀਤੇ ਜਾਣੇ ਚਾਹੀਦੇ।
ਟਰਾਂਸਪੋਰਟੇਸ਼ਨ ਸਕੱਤਰ ਸੀਨ ਡੱਫੀ ਨੇ ਸੀ.ਡੀ.ਐੱਲ. ਬਿਨੈਕਾਰਾਂ ਲਈ ਸੰਘੀ ਅੰਗਰੇਜ਼ੀ-ਭਾਸ਼ਾ ਟੈਸਟਿੰਗ ਲੋੜਾਂ ਨੂੰ ਲਾਗੂ ਕਰਨ ਵਿਚ ਕੈਲੀਫ਼ੋਰਨੀਆ ਦੀ ਅਸਫ਼ਲਤਾ ਦੀ ਨਿੰਦਾ ਕੀਤੀ। ਉਸ ਨੇ ਚੇਤਾਵਨੀ ਦਿੱਤੀ ਕਿ ਜੇ ਰਾਜ ਇਸੇ ਤਰ੍ਹਾਂ ਪਾਲਣਾ ਨਹੀਂ ਕਰਦਾ, ਤਾਂ ਉਹ 40 ਮਿਲੀਅਨ ਡਾਲਰ ਤੋਂ ਵੱਧ ਦੇ ਸੰਘੀ ਹਾਈਵੇ ਸੁਰੱਖਿਆ ਫੰਡਿੰਗ ਨੂੰ ਗੁਆ ਸਕਦਾ ਹੈ।
ਡੱਫੀ ਨੇ ਪਿਛਲੇ ਇੱਕ ਬਿਆਨ ਵਿਚ ਕਿਹਾ, ”ਕੈਲੀਫ਼ੋਰਨੀਆ ਦੀ ਇਹ ਲਾਪ੍ਰਵਾਹੀ ਉਨ੍ਹਾਂ ਲੱਖਾਂ ਅਮਰੀਕੀਆਂ ਲਈ ਇੱਕ ਅਪਮਾਨ ਹੈ, ਜੋ ਸਾਡੇ ਤੋਂ ਸੁਰੱਖਿਆ ਦੀ ਉਮੀਦ ਕਰਦੇ ਹਨ। ਜੇ ਰਾਜ ਇਨ੍ਹਾਂ ਮੁੱਦਿਆਂ ਨੂੰ ਠੀਕ ਕਰਨ ਵਿਚ ਅਸਫ਼ਲ ਰਹਿੰਦਾ ਹੈ, ਤਾਂ ਅਸੀਂ ਸੰਘੀ ਫੰਡਿੰਗ ਨੂੰ ਵਾਪਸ ਲੈਣ ਤੋਂ ਝਿਜਕਾਂਗੇ ਨਹੀਂ।”
ਇਸ ਘਟਨਾ ਨੇ ਸੇਫ ਡਰਾਈਵਰਜ਼ ਐਕਟ ਨਾਮ ਦੇ ਪ੍ਰਸਤਾਵਿਤ ਉਪਾਅ ਨੂੰ ਲੈ ਕੇ ਸਿਆਸੀ ਅਤੇ ਜਨਤਕ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਇਹ ਸੜਕ ਸੁਰੱਖਿਆ ਨੂੰ ਵਧਾਏਗਾ, ਜਦੋਂਕਿ ਆਲੋਚਕਾਂ ਦਾ ਤਰਕ ਹੈ ਕਿ ਇਹ ਪ੍ਰਵਾਸੀ ਭਾਈਚਾਰਿਆਂ ਨੂੰ ਬੇਇਨਸਾਫ਼ੀ ਨਾਲ ਨਿਸ਼ਾਨਾ ਬਣਾਉਂਦਾ ਹੈ।
ਪਰਵਾਸੀ ਵਕੀਲਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਅਜਿਹੀ ਬਿਆਨਬਾਜ਼ੀ ਨਾਲ ਦੇਸ਼ ਭਰ ਵਿਚ ਸਿੱਖਾਂ ਅਤੇ ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਵਿਤਕਰਾ ਅਤੇ ਹਿੰਸਾ ਵਧ ਸਕਦੀ ਹੈ।
ਇਹ ਮਾਮਲਾ ਅਜੇ ਵੀ ਜਾਂਚ ਅਧੀਨ ਹੈ। ਜਸ਼ਨਪ੍ਰੀਤ ਇਸ ਸਮੇਂ ਹਿਰਾਸਤ ਵਿਚ ਹੈ ਅਤੇ ਉਸ ‘ਤੇ ਕਈ ਸੰਗੀਨ ਅਪਰਾਧਿਕ ਦੋਸ਼ ਹਨ।