ਸੈਕਰਾਮੈਂਟੋ, 8 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੈਨਸਿਲਵੇਨੀਆ ਸਟੇਟ ਬਾਰਡਰ ਨੇੜੇ ਉਤਰ ਪੂਰਬੀ ਓਹਾਇਓ ਵਿਚ ਇਕ ਰੇਲਗੱਡੀ ਪੱਟੜੀ ਤੋਂ ਉਤਰ ਗਈ, ਜਿਸ ਉਪਰੰਤ ਉਸ ਨੂੰ ਭਿਆਨਕ ਅੱਗ ਲੱਗ ਗਈ। ਮੇਅਰ ਟਰੈਂਟ ਕੋਨਾਵੇਅ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਘਟਨਾ ਯੰਗਸਟਾਊਨ ਦੇ ਦੱਖਣ ‘ਚ ਤਕਰੀਬਨ 15 ਮੀਲ ਦੂਰ ਵਾਪਰੀ ਪਰੰਤੂ ਚੰਗੀ ਗੱਲ ਇਹ ਰਹੀ ਕਿ ਅਚਾਨਕ ਵਾਪਰੀ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ। ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਅਨੁਸਾਰ ਰੇਲਗੱਡੀ ਦੇ 100 ਤੋਂ ਵਧ ਡੱਬੇ ਸਨ, ਜਿਨ੍ਹਾਂ ਵਿਚੋਂ 50 ਡੱਬੇ ਪੱਟੜੀ ਤੋਂ ਉਤਰ ਗਏ। ਇਨ੍ਹਾਂ ਵਿਚੋਂ 20 ਡੱਬਿਆਂ ਵਿਚ ਖਤਰਨਾਕ ਸਮਗਰੀ ਭਰੀ ਹੋਈ ਸੀ। ਬੋਰਡ ਦੇ ਮੈਂਬਰ ਮਾਈਕਲ ਗ੍ਰਾਹਮ ਨੇ ਕਿਹਾ ਹੈ ਕਿ ਟੈਂਕ ਕਾਰਾਂ ਵਿਚ ਵਿਨਾਇਲ ਕਲੋਰਾਈਡ ਭਰੀ ਹੋਈ ਸੀ, ਜੋ ਅੱਗ ਲੱਗਣ ਦਾ ਕਾਰਨ ਬਣੀ। ਉਨ੍ਹਾਂ ਕਿਹਾ ਕਿ ਰੇਲ ਗੱਡੀ ਦੇ ਪੱਟੜੀ ਤੋਂ ਉਤਰਨ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਹਾਦਸੇ ਸਬੰਧੀ ਮੁੱਢਲੀ ਰਿਪੋਰਟ ਆਉਣ ‘ਚ 6 ਹਫਤਿਆ ਦਾ ਸਮਾਂ ਲੱਗ ਸਕਦਾ ਹੈ।
ਅਮਰੀਕਾ ‘ਚ ਰੇਲ ਗੱਡੀ ਪੱਟੜੀ ਤੋਂ ਉਤਰੀ; ਲੱਗੀ ਭਿਆਨਕ ਅੱਗ
