-13 ਦੇ ਕਰੀਬ ਫੂਡ ਪੋਇਜ਼ਨਿੰਗ ਕਾਰਨ ਹਸਪਤਾਲ ਦਾਖਲ
ਨਿਊਯਾਰਕ, 23 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਵੱਖ-ਵੱਖ ਰਾਜਾਂ ‘ਚ ਮੈਕਡੋਨਲਡ ਦੇ ਰੈਸਟੋਰੈਂਟ ‘ਚ ਖਾਣਾ ਖਾਣ ਤੋਂ ਬਾਅਦ ਕਈ ਲੋਕ ਬਿਮਾਰ ਹੋ ਗਏ ਹਨ। ਜ਼ਹਿਰੀਲੇ ਭੋਜਨ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 10 ਤੋਂ 13 ਦੇ ਕਰੀਬ ਲੋਕ ਹਸਪਤਾਲ ਵਿਚ ਭਰਤੀ ਹਨ। ਜ਼ਿਆਦਾਤਰ ਦੇ ਪੇਟ ਖਰਾਬ ਅਤੇ ਦਸਤ ਤੋਂ ਪੀੜਤ ਹਨ। ਕੁੱਲ 49 ਮਾਮਲੇ ਸਾਹਮਣੇ ਆਏ ਹਨ, ਜ਼ਿਆਦਾਤਰ ਕੋਲੋਰਾਡੋ ਅਤੇ ਨੇਬਰਾਸਕਾ ਰਾਜ ਵਿਚ ਵਾਪਰਿਆ ਹੈ, ਜਿਸ ਕਾਰਨ ਕੰਪਨੀ ਦੇ ਸ਼ੇਅਰ ਵੀ 6 ਫੀਸਦੀ ਡਿੱਗ ਗਿਆ ਹੈ। ਅਜਿਹਾ ਸਿਰਫ਼ ਇੱਕ ਰੈਸਟੋਰੈਂਟ ਵਿਚ ਨਹੀਂ, ਸਗੋਂ ਅਮਰੀਕਾ ਦੇ 10 ਵੱਖ-ਵੱਖ ਰਾਜਾਂ ਵਿਚ ਹੋਇਆ। ਮੰਨਿਆ ਜਾਂਦਾ ਹੈ ਕਿ ਈ ਕੋਲੀ ਨਾਂ ਦਾ ਇੱਕ ਖਤਰਨਾਕ ਬੈਕਟੀਰੀਆ ਮੈਕਡੋਨਲਡ ਦੇ ਰੈਸਟੋਰੈਂਟਾਂ ਤੋਂ ਸਰੀਰ ‘ਚ ਦਾਖਲ ਹੋਇਆ ਹੈ। ਇਸ ਕਾਰਨ ਦਰਜਨਾਂ ਲੋਕਾਂ ਨੂੰ ਫੂਡ ਪੋਇਜ਼ਨਿੰਗ ਕਾਰਨ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਇਲਾਜ ਪ੍ਰਾਪਤ ਕਰਨ ਵਾਲਿਆਂ ਵਿਚ ਇੱਕ ਬੱਚਾ ਵੀ ਸ਼ਾਮਲ ਹੈ, ਜਿਸ ਦੇ ਗੁਰਦਿਆਂ ਵਿਚ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਿਆ ਹੈ। ਅਮਰੀਕੀ ਰੈਸਟੋਰੈਂਟਾਂ ‘ਚ ਭੋਜਨ ਦੀ ਗੁਣਵੱਤਾ ਦੇ ਸਬੰਧ ਵਿਚ ਇੱਕ ਬਹੁਤ ਉੱਚਾ ਮਿਆਰ ਕਾਇਮ ਰੱਖਿਆ ਜਾਂਦਾ ਹੈ। ਪਰ ਇਸ ਵਾਰ ਕੁਝ ਗੜਬੜ ਹੋਈ ਜਾਪਦੀ ਹੈ। ਸੰਯੁਕਤ ਰਾਜ ਵਿਚ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਅਨੁਸਾਰ, ਈ. ਕੋਲੀ ਦੇ ਪ੍ਰਕੋਪ ਦੀਆਂ ਜੜ੍ਹਾਂ ਮੈਕਡੋਨਲਡ ਦੇ ਕੁਆਰਟਰ-ਪਾਊਂਡਰ ਹੈਮਬਰਗਰ ਵਿਚ ਹਨ। ਇਹ ਪ੍ਰਕੋਪ ਸਤੰਬਰ ਵਿਚ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ 10 ਪੱਛਮੀ ਰਾਜਾਂ ਵਿਚ ਪਹੁੰਚ ਚੁੱਕਾ ਹੈ।
ਹੁਣ ਤੱਕ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਮੌਤ ਕੋਲੋਰਾਡੋ ਵਿਚ ਹੋਈ ਹੈ। ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਮੈਕਡੋਨਲਡਜ਼ ਰੈਸਟੋਰੈਂਟ ਵਿਚ ਚੌਥਾਈ ਪਾਉਂਡਰ ਹੈਮਬਰਗਰ ਖਾਧਾ। ਲੋਕ ਅਚਾਨਕ ਬਿਮਾਰ ਕਿਉਂ ਹੋ ਗਏ ਅਤੇ ਬਰਗਰਾਂ ਵਿਚ ਕਿਹੜੀਆਂ ਸਮੱਗਰੀਆਂ ਸਨ, ਜੋ ਲੋਕਾਂ ਨੂੰ ਬੀਮਾਰ ਕਰਦੇ ਸਨ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪਿਆਜ਼ ਜਾਂ ਬੀਫ ਵਿਚ ਕੋਈ ਇਤਰਾਜ਼ਯੋਗ ਚੀਜ਼ ਮਿਲੀ ਹੋ ਸਕਦੀ ਹੈ। ਵਰਤਮਾਨ ਵਿਚ, ਜਾਂਚ ਪੂਰੀ ਹੋਣ ਤੱਕ ਇਸ ਉਤਪਾਦ ਨੂੰ ਮੀਨੂ ਤੋਂ ਹਟਾ ਦਿੱਤਾ ਗਿਆ ਹੈ।
ਮੈਕਡੋਨਲਡ ਦੇ ਅਧਿਕਾਰੀਆਂ ਨੇ ਇੱਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਭੋਜਨ ਸੁਰੱਖਿਆ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਨੇ ਕੁਆਰਟਰ ਪਾਊਂਡਰ ਬਣਾਉਣ ਲਈ ਲੋੜੀਂਦੀ ਸਮੱਗਰੀ ਵਿਚ ਕੁਝ ਬਦਲਾਅ ਕੀਤੇ ਹਨ। ਕੁਝ ਰਾਜਾਂ ‘ਚ ਕੁਆਰਟਰ ਪਾਊਂਡਰ ਨੂੰ ਮੀਨੂ ਤੋਂ ਹਟਾ ਦਿੱਤਾ ਗਿਆ ਹੈ। ਈ ਕੋਲੀ ਇਕ ਖਤਰਨਾਕ ਬੈਕਟੀਰੀਆ ਹੈ, ਜਿਸ ਨਾਲ ਕਿ ਦਸਤ ਜਾਂ ਪੇਟ ਖਰਾਬ ਹੋਣਾ ਅਤੇ 102 ਡਿਗਰੀ ਫਾਰਨਹੀਟ ਤੋਂ ਵੱਧ ਬੁਖਾਰ ਹੋ ਜਾਂਦਾ ਹੈ ਅਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਜ਼ਿਆਦਾਤਰ ਲੋਕਾਂ ਨੇ ਮੈਕਡੋਨਲਡਜ਼ ਵਿਚ ਖਾਣਾ ਖਾਣ ਤੋਂ ਬਾਅਦ ਤਿੰਨ ਤੋਂ ਚਾਰ ਘੰਟਿਆਂ ਦੇ ਅੰਦਰ ਇਨ੍ਹਾਂ ਲੱਛਣਾਂ ਦਾ ਅਨੁਭਵ ਕੀਤਾ। ਜ਼ਿਆਦਾਤਰ ਮਾਮਲਿਆਂ ‘ਚ, ਵਿਅਕਤੀ ਬਿਨਾਂ ਇਲਾਜ ਦੇ ਪੰਜ ਤੋਂ ਸੱਤ ਦਿਨਾਂ ਵਿਚ ਠੀਕ ਹੋ ਜਾਂਦਾ ਹੈ, ਪਰ ਕੁਝ ਮਾਮਲਿਆਂ ਵਿਚ ਹਸਪਤਾਲ ‘ਚ ਭਰਤੀ ਹੋਣ ਦੀ ਲੋੜ ਹੋ ਸਕਦੀ ਹੈ।