ਲਾਸ ਵੇਗਾਸ, 5 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਮੈਰੀਲੈਂਡ ਸੂਬੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪਿਛਲੇ ਹਫ਼ਤੇ ਤੋਂ ਲਾਪਤਾ 27 ਸਾਲਾ ਭਾਰਤੀ ਮੂਲ ਦੀ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਨਿਕਿਤਾ ਗੋਡਿਸ਼ਾਲਾ ਵਜੋਂ ਹੋਈ ਹੈ, ਜੋ ਕਿ ਐਲੀਕੋਟ ਸਿਟੀ ਦੀ ਰਹਿਣ ਵਾਲੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਨਿਕਿਤਾ ਦਾ ਕਤਲ ਉਸ ਦੇ ਸਾਬਕਾ ਪ੍ਰੇਮੀ ਅਰਜੁਨ ਸ਼ਰਮਾ (26) ਨੇ ਕੀਤਾ ਹੈ, ਜੋ ਵਾਰਦਾਤ ਤੋਂ ਬਾਅਦ ਭਾਰਤ ਫਰਾਰ ਹੋ ਗਿਆ ਹੈ।
ਹਾਵਰਡ ਕਾਊਂਟੀ ਪੁਲਿਸ ਅਨੁਸਾਰ, ਨਿਕਿਤਾ 2 ਜਨਵਰੀ ਤੋਂ ਲਾਪਤਾ ਸੀ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਉਸ ਦੀ ਲਾਸ਼ ਕੋਲੰਬੀਆ ਸਥਿਤ ਉਸ ਦੇ ਸਾਬਕਾ ਪ੍ਰੇਮੀ ਅਰਜੁਨ ਸ਼ਰਮਾ ਦੇ ਅਪਾਰਟਮੈਂਟ ਵਿਚੋਂ ਬਰਾਮਦ ਹੋਈ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਰੀਰ ‘ਤੇ ਚਾਕੂ ਦੇ ਜ਼ਖ਼ਮ ਸਨ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਨਿਕਿਤਾ ਦਾ ਕਤਲ 31 ਦਸੰਬਰ ਦੀ ਸ਼ਾਮ ਨੂੰ ਕਰੀਬ 7 ਵਜੇ ਕੀਤਾ ਗਿਆ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਅਰਜੁਨ ਸ਼ਰਮਾ ਨੇ ਖੁਦ ਹੀ ਪੁਲਿਸ ਕੋਲ ਨਿਕਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਨਿਕਿਤਾ ਨੂੰ ਆਖਰੀ ਵਾਰ 31 ਦਸੰਬਰ ਨੂੰ ਆਪਣੇ ਅਪਾਰਟਮੈਂਟ ਵਿਚ ਦੇਖਿਆ ਸੀ। 2 ਜਨਵਰੀ ਨੂੰ ਰਿਪੋਰਟ ਦਰਜ ਕਰਵਾਉਣ ਦੇ ਤੁਰੰਤ ਬਾਅਦ ਉਹ ਭਾਰਤ ਲਈ ਰਵਾਨਾ ਹੋ ਗਿਆ। ਅਗਲੇ ਦਿਨ ਜਦੋਂ ਪੁਲਿਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ, ਤਾਂ ਉੱਥੋਂ ਨਿਕਿਤਾ ਦੀ ਲਾਸ਼ ਮਿਲੀ।
ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਦੂਤਘਰ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਪੀੜਤ ਪਰਿਵਾਰ ਦੇ ਸੰਪਰਕ ਵਿਚ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਇਸ ਦੇ ਨਾਲ ਹੀ ਸਥਾਨਕ ਅਧਿਕਾਰੀਆਂ ਨਾਲ ਵੀ ਲਗਾਤਾਰ ਤਾਲਮੇਲ ਬਣਾਇਆ ਜਾ ਰਿਹਾ ਹੈ। ਪੁਲਿਸ ਨੇ ਅਰਜੁਨ ਸ਼ਰਮਾ ਦੇ ਖਿਲਾਫ ਕਤਲ ਦੇ ਦੋਸ਼ਾਂ ਹੇਠ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਫਿਲਹਾਲ ਕਤਲ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਮਰੀਕੀ ਸੰਘੀ ਜਾਂਚ ਏਜੰਸੀਆਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਕੰਮ ਕਰ ਰਹੀਆਂ ਹਨ।
ਅਮਰੀਕਾ ‘ਚ ਭਾਰਤੀ ਪ੍ਰੇਮਿਕਾ ਦਾ ਕਤਲ ਕਰ ਪ੍ਰੇਮੀ ਭਾਰਤ ਹੋਇਆ ਫਰਾਰ!

