#AMERICA

ਅਮਰੀਕਾ ‘ਚ ਭਾਰਤੀ ਪਰਿਵਾਰ ਦੀ ਸੜਕ ਹਾਦਸੇ ‘ਚ ਦੁਖਦਾਈ ਮੌਤ

– ਹੈਦਰਾਬਾਦ ਤੋਂ ਛੁੱਟੀਆਂ ਮਨਾਉਣ ਆਏ ਸੀ ਅਮਰੀਕਾ
ਨਿਊਯਾਰਕ, 8 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਭਾਰਤ ਤੋਂ ਅਮਰੀਕਾ ‘ਚ ਛੁੱਟੀਆਂ ਮਨਾਉਣ ਆਏ ਹੈਦਰਾਬਾਦ ਦੇ ਇਕ ਪਰਿਵਾਰ ਦੀ ਸੜਕ ਹਾਦਸੇ ‘ਚ ਮਾਰੇ ਜਾਣ ਦਾ ਦੁੱਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਪਰਿਵਾਰ ਦੇ ਚਾਰ ਜੀਅ, ਜੋ ਆਪਣੇ ਰਿਸ਼ਤੇਦਾਰਾਂ ਦੇ ਘਰ ਇੱਕ ਹਫ਼ਤੇ ਦੀ ਛੁੱਟੀਆਂ ਮਨਾਉਣ ਆਏ ਸਨ। ਰਸਤੇ ਵਿਚ ਇੱਕ ਦਰਦਨਾਕ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ। ਹੈਦਰਾਬਾਦ ਦੇ ਸੁਚਿਤਰਾ ਦੀ ਰਹਿਣ ਵਾਲੀ ਤੇਜਸਵਿਨੀ ਅਤੇ ਸ੍ਰੀ ਵੈਂਕਟ, ਆਪਣੇ ਦੋ ਬੱਚਿਆਂ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਅਟਲਾਂਟਾ ਤੋਂ ਡੈਲਸ ਵਾਪਸ ਆ ਰਹੇ ਸਨ, ਜਦੋਂ ਸੋਮਵਾਰ ਅੱਧੀ ਰਾਤ ਨੂੰ ਉਨ੍ਹਾਂ ਦੀ ਕਾਰ ਗ੍ਰੀਨ ਕਾਉਂਟੀ ਵਿਚ ਪਹੁੰਚੀ, ਤਾਂ ਉਨ੍ਹਾਂ ਦੀ ਕਾਰ ਨੂੰ ਗਲਤ ਦਿਸ਼ਾ ਤੋਂ ਆ ਰਹੇ ਇੱਕ ਮਿੰਨੀ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਕਾਰਨ ਕਾਰ ਅੱਗ ਦੀ ਲਪੇਟ ਵਿਚ ਆ ਗਈ ਅਤੇ ਉਹ ਸਾਰੇ ਜ਼ਿੰਦਾ ਹੀ ਸੜ ਗਏ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਛੁੱਟੀਆਂ ‘ਤੇ ਸੀ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ – ਕੀ ਉਹ ਵਿਜ਼ਿਟਿੰਗ ਵੀਜ਼ੇ ‘ਤੇ ਸਨ ਜਾਂ ਹਾਲ ਹੀ ਵਿਚ ਭਾਰਤ ਵਾਪਸ ਆਏ ਸਨ ਅਤੇ ਅਮਰੀਕਾ ਫੇਰੀ ਲਈ ਵਾਪਸ ਆਏ ਸਨ। ਮਾਰੇ ਗਏ ਲੋਕਾਂ ‘ਚ ਸ਼੍ਰੀ ਵੈਂਕਟ, ਉਨ੍ਹਾਂ ਦੀ ਪਤਨੀ ਤੇਜਸਵਿਨੀ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਸ਼੍ਰੀ ਵੈਂਕਟ ਦਾ ਜੱਦੀ ਸ਼ਹਿਰ ਹੈਦਰਾਬਾਦ ਵਿਚ ਕੋਮਪੱਲੀ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਤੋਂ ਵਾਪਸ ਆ ਰਹੇ ਸਨ। ਪਤਾ ਲੱਗਾ ਹੈ ਕਿ ਅਮਰੀਕੀ ਪੁਲਿਸ ਨੇ ਹੈਦਰਾਬਾਦ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਿੰਨੀ ਟਰੱਕ ਗਲਤ ਰਸਤੇ ‘ਤੇ ਆਇਆ ਸੀ। ਕਿਉਂਕਿ ਕਾਰ ਪੂਰੀ ਤਰ੍ਹਾਂ ਸੜ ਗਈ ਸੀ, ਇਸ ਲਈ ਮ੍ਰਿਤਕਾਂ ਦੀਆਂ ਹੱਡੀਆਂ ਨੂੰ ਫੋਰੈਂਸਿਕ ਟੈਸਟ ਲਈ ਭੇਜਿਆ ਜਾਵੇਗਾ। ਡੀ.ਐੱਨ.ਏ. ਨਮੂਨੇ ਇਕੱਠੇ ਕੀਤੇ ਜਾਣਗੇ ਅਤੇ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।