#AMERICA

ਅਮਰੀਕਾ ‘ਚ ਭਾਰਤੀ ਟੈਕਨੀਸ਼ੀਅਨ ਨੂੰ ਐੱਚ-1ਬੀ ਵੀਜ਼ਾ ਧੋਖਾਧੜੀ ਦੇ ਦੋਸ਼ ਹੇਠ 14 ਮਹੀਨਿਆਂ ਦੀ ਕੈਦ

ਨਿਊਯਾਰਕ, 28 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇੱਕ ਭਾਰਤੀ ਮੂਲ ਦੇ ਉੱਦਮੀ ਨੂੰ ਐੱਚ-1ਬੀ ਵੀਜ਼ਾ ਦੀ ਧੋਖਾਧੜੀ ਦੀ ਯੋਜਨਾ ਦੇ ਦੋਸ਼ ਵਿਚ 14 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤੇਲਗੂ ਮੂਲ ਦੇ ਭਾਰਤੀ ਜਿਸ ਦਾ ਨਾਂ ਕਿਸ਼ੋਰ ਦੱਤਾਪੁਰਮ ਹੈ ਅਤੇ ਉਸ ਨੇ ਐੱਚ-1ਬੀ ਵੀਜ਼ਾ ਵਿਚ ਵੱਡੇ ਪੱਧਰ ‘ਤੇ ਧੋਖਾਧੜੀ ਕੀਤੀ ਸੀ। ਕੈਲੀਫੋਰਨੀਆ ਸੂਬੇ ਦੇ ਸੈਂਟਾ ਕਲਾਰਾ ਦੇ 55 ਸਾਲਾ ਦੱਤਾਪੁਰਮ ਨੂੰ ਅਮਰੀਕੀ ਜ਼ਿਲ੍ਹਾ ਜੱਜ ਐਡਵਰਡ ਡੇਵਿਲਾ ਨੇ ਸਾਜ਼ਿਸ਼ ਦੇ ਇੱਕ ਦੋਸ਼ ਅਤੇ ਵੀਜ਼ਾ ਧੋਖਾਧੜੀ ਦੇ 10 ਦੋਸ਼ਾਂ ਦਾ ਦੋਸ਼ੀ ਮੰਨਣ ਤੋਂ ਬਾਅਦ ਸਜ਼ਾ ਸੁਣਾਈ। ਜੇਲ੍ਹ ਦੀ ਸਜ਼ਾ ਤੋਂ ਇਲਾਵਾ, ਦੱਤਾਪੁਰਮ ਨੂੰ ਤਿੰਨ ਸਾਲ ਦੀ ਨਿਗਰਾਨੀ ਹੇਠ ਰਿਹਾਈ ਦੀ ਸਜ਼ਾ ਵੀ ਸੁਣਾਈ ਗਈ ਹੈ। ਇਸ ਤੋਂ ਇਲਾਵਾ, ਉਸ ਨੂੰ 1,25,456 ਡਾਲਰ ਜ਼ਬਤ ਕਰਨ ਅਤੇ 7,500 ਡਾਲਰ ਦਾ ਜੁਰਮਾਨਾ ਅਤੇ 1100 ਡਾਲਰ ਦੀ ਵਿਸ਼ੇਸ਼ ਮੁਲਾਂਕਣ ਫੀਸ ਅਦਾ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ। ਇਸ ਕੇਸ ਦੀ ਪੈਰਵੀ ਸਹਾਇਕ ਅਮਰੀਕੀ ਅਟਾਰਨੀ ਸਾਰਾਹ ਗ੍ਰਿਸਵੋਲਡ ਅਤੇ ਵਿਸ਼ੇਸ਼ ਸਹਾਇਕ ਅਮਰੀਕੀ ਅਟਾਰਨੀ ਜੌਨੀ ਜੇਮਜ਼ ਦੁਆਰਾ ਕੀਤੀ ਗਈ ਸੀ। ਐੱਚ-1ਬੀ ਵੀਜ਼ਾ ਭਾਰਤੀਆਂ ਲਈ ਬਹੁਤ ਮਹੱਤਵਪੂਰਨ ਹਨ। ਅਮਰੀਕਾ ਵਿਚ ਇਹ ਵੀਜ਼ਾ ਲਾਭਪਾਤਰੀਆਂ ਵਿਚ ਭਾਰਤੀ ਸਭ ਤੋਂ ਵੱਧ ਹਨ। ਇਸ ਵੀਜ਼ਾ ਰਾਹੀਂ ਅਮਰੀਕੀ ਕੰਪਨੀਆਂ, ਖਾਸ ਕਰਕੇ ਤਕਨੀਕੀ ਖੇਤਰ ਵਿਚ ਕੰਮ ਕਰਨ ਵਾਲੀਆਂ, ਵਿਦੇਸ਼ਾਂ ਤੋਂ ਹੁਨਰਮੰਦ ਪੇਸ਼ੇਵਰਾਂ ਨੂੰ ਨੌਕਰੀ ‘ਤੇ ਰੱਖ ਸਕਦੀਆਂ ਹਨ। ਐੱਚ-1ਬੀ ਵੀਜ਼ਾ ਪ੍ਰੋਗਰਾਮ ਦੇ ਤਹਿਤ, ਮਾਲਕਾਂ ਨੂੰ ਇਹ ਦਿਖਾਉਣ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਕੋਲ ਵਿਦੇਸ਼ੀ ਕਾਮਿਆਂ ਲਈ ਨੌਕਰੀਆਂ ਉਪਲਬਧ ਹਨ। ਪਰ ਕਿਸ਼ੋਰ ਦੱਤਾਪੁਰਮ ਵੱਖ-ਵੱਖ ਕੰਪਨੀਆਂ ਨੂੰ ਝੂਠੇ ਮਾਲਕ ਵਜੋਂ ਪੇਸ਼ ਕਰਨ ਲਈ ਪੈਸੇ ਦਿੰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਸੂਚੀਬੱਧ ਕਾਮਿਆਂ ਨੂੰ ਉਨ੍ਹਾਂ ਕੰਪਨੀਆਂ ਦੁਆਰਾ ਕਦੇ ਵੀ ਨੌਕਰੀ ‘ਤੇ ਨਹੀਂ ਰੱਖਿਆ ਜਾਵੇਗਾ। ਦਰਅਸਲ, ਦੱਤਾਪੁਰਮ ਨੇ ਇਸ ਧੋਖਾਧੜੀ ਦੀ ਵਰਤੋਂ ਪਹਿਲਾਂ ਤੋਂ ਵੀਜ਼ਾ ਪ੍ਰਾਪਤ ਕਰਨ ਲਈ ਕੀਤੀ, ਤਾਂ ਜੋ ਜਦੋਂ ਨੌਕਰੀ ਦੀਆਂ ਜ਼ਰੂਰਤਾਂ ਪੈਦਾ ਹੋਣ, ਤਾਂ ਉਸ ਦੀ ਕੰਪਨੀ ਨੈਨੋਸੈਮੈਂਟਿਕਸ ਪ੍ਰਕਿਰਿਆ ਦੇ ਪੂਰਾ ਹੋਣ ਦੀ ਉਡੀਕ ਕੀਤੇ ਬਿਨਾਂ ਜਲਦੀ ਕਾਮੇ ਪ੍ਰਦਾਨ ਕਰ ਸਕੇ, ਅਮਰੀਕੀ ਅਟਾਰਨੀ ਪੈਟ੍ਰਿਕ ਰੌਬਿਨਸ ਅਤੇ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨਜ਼ ਸਪੈਸ਼ਲ ਏਜੰਟ ਟੋਟੇਮ ਕਿੰਗ ਨੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ, ਜੋ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰਦੇ ਹਨ ਅਤੇ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਛੇੜਛਾੜ ਅਤੇ ਦੁਰਵਰਤੋਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।