#AMERICA

ਅਮਰੀਕਾ ‘ਚ ਭਾਰਤੀ ਗੁਜਰਾਤੀ ਔਰਤ ਹੋਈ ਲਾਪਤਾ

ਨਿਊਯਾਰਕ, 11 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਜਾਰਜੀਆ ਵਿਚ ਰਹਿਣ ਵਾਲੀ ਇਕ 33 ਸਾਲਾ ਭਾਰਤੀ-ਗੁਜਰਾਤੀ ਔਰਤ ਬਿਜਲ ਪਟੇਲ ਅਚਾਨਕ ਲਾਪਤਾ ਹੋ ਗਈ ਹੈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਬਿਜਲ ਪਟੇਲ ਨੂੰ ਆਖਰੀ ਵਾਰ ਐਤਵਾਰ 7 ਸਤੰਬਰ ਨੂੰ ਸ਼ਾਮ 7 ਵਜੇ ਦੇਖਿਆ ਗਿਆ ਸੀ। ਪੁਲਿਸ ਦੇ ਅਨੁਸਾਰ ਕਾਲੀ ਪੈਂਟ ਅਤੇ ਕਾਲੀ ਟੀ-ਸ਼ਰਟ ਪਹਿਨੇ ਹੋਏ ਬਿਜਲ ਪਟੇਲ ਉਸੇ ਸਮੇਂ ਕਾਰਲੇਟਨ ਨੇੜੇ ਮੈਡੋ ਰਨ ਵਿਚ ਆਪਣੇ ਘਰ ਤੋਂ ਨਿਕਲੀ ਸੀ। ਜਿਸ ਕਾਰ ਵਿਚ ਉਹ ਘਰੋਂ ਨਿਕਲੀ ਸੀ, ਉਸ ਦੇ ਵੇਰਵੇ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਉਹ ਸਿਲਵਰ ਰੰਗ ਦੀ ਹੌਂਡਾ ਅਕਾਰਡ ਸੀ ਅਤੇ ਇਸ ‘ਤੇ ਜਾਰਜੀਆ ਲਾਇਸੈਂਸ ਪਲੇਟ ਸੀ।
ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਇਹ ਵੀ ਕਿਹਾ ਹੈ ਕਿ 33 ਸਾਲਾ ਬਿਜਲ ਪਟੇਲ 5 ਫੁੱਟ 3 ਇੰਚ ਲੰਬੀ ਹੈ ਅਤੇ ਉਸ ਦਾ ਭਾਰ 100 ਪੌਂਡ ਹੈ। ਗੁਜਰਾਤੀ ਔਰਤ ਦੇ ਦੋ ਤੋਂ ਤਿੰਨ ਦਿਨਾਂ ਤੱਕ ਲਾਪਤਾ ਰਹਿਣ ਤੋਂ ਬਾਅਦ, ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਉਸ ਦੀ ਫੋਟੋ ਸਾਂਝੀ ਕੀਤੀ ਹੈ ਅਤੇ ਉਸ ਨੂੰ ਲੱਭਣ ਲਈ ਜਨਤਾ ਤੋਂ ਮਦਦ ਮੰਗੀ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਬਿਜਲ ਪਟੇਲ ਨੂੰ ਲੱਭਣ ਵਿਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।