-ਕੰਪਨੀ ਨੇ ਵਾਪਸ ਮੰਗਵਾਈ ਦਵਾਈ
ਚੇਨਈ, 9 ਫਰਵਰੀ (ਪੰਜਾਬ ਮੇਲ)- ਚੇਨਈ ਸਥਿਤ ਇਕ ਕੰਪਨੀ ਨੇ ਅਮਰੀਕੀ ਬਾਜ਼ਾਰ ਤੋਂ ਆਪਣੇ ਆਈ ਡ੍ਰਾਪਸ ਨੂੰ ਵਾਪਸ ਮੰਗਵਾ ਲਿਆ ਹੈ ਕਿਉਂਕਿ ਅਮਰੀਕੀ ਸਰਕਾਰੀ ਏਜੰਸੀ ਨੇ ਕੰਪਨੀ ਨੂੰ ਸੂਚਿਤ ਕੀਤਾ ਹੈ ਕਿ ਆਈ ਡ੍ਰਾਪਸ ਦੀ ਵਰਤੋਂ ਕਾਰਨ ਕਈ ਗੰਭੀਰ ਮਾੜੇ ਪ੍ਰਭਾਵ ਦੀਆਂ ਘਟਨਾਵਾਂ ਹੋਈਆਂ ਹਨ। ਅਮਰੀਕੀ ਸਰਕਾਰੀ ਏਜੰਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਿਹਾ ਕਿ ਅੱਖਾਂ ‘ਚ ਇਨਫੈਕਸ਼ਨ, ਨਜ਼ਰ ਦਾ ਸਥਾਈ ਨੁਕਸਾਨ ਅਤੇ ਖੂਨ ਦੇ ਪ੍ਰਵਾਹ ਇਨਫੈਕਸ਼ਨ ਕਾਰਨ ਇਕ ਮੌਤ ਸਮੇਤ 55 ਗੰਭੀਰ ਮਾਮਲੇ ਸਾਹਮਣੇ ਆਏ ਸਨ।
ਆਈ ਡ੍ਰਾਪਸ ਦੀ ਵਰਤੋਂ ਨਾਲ 5 ਲੋਕ ਪੂਰੀ ਤਰ੍ਹਾਂ ਅੰਨ੍ਹੇ ਵੀ ਹੋ ਗਏ। ਅਮਰੀਕਾ ‘ਚ ਐਜਰੀਕੇਅਰ, ਐੱਲ.ਐੱਲ.ਸੀ. ਅਤੇ ਡੈਲਸਮ ਫਾਰਮਾ ਵੱਲੋਂ ਡਿਸਟ੍ਰੀਬਿਊਟ ਗਲੋਬਲ ਹੈਲਥ ਫਾਰਮਾ ਦੇ ਉਤਪਾਦ ਲੁਬਰੀਕੈਂਟ ਆਈ ਡ੍ਰਾਪਸ ਦੀ ਜਾਂਚ ਰੋਗ ਨਿਵਾਰਣ ਅਤੇ ਰੋਕਥਾਮ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ, ਭਾਰਤ ‘ਚ ਇਹ ਆਈ ਡ੍ਰਾਪਸ ਨਹੀਂ ਵੇਚੇ ਜਾਂਦੇ।
ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਡਾਕਟਰਾਂ ਅਤੇ ਖਪਤਕਾਰਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਬਾਜ਼ਾਰ ਤੋਂ ਉਤਪਾਦ ਨਾ ਖਰੀਦਣ ਅਤੇ ਪਹਿਲਾਂ ਤੋਂ ਖਰੀਦ ਚੁੱਕੇ ਲੋਕਾਂ ਨੂੰ ਇਸ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ। ਕੰਪਨੀ ਨੂੰ ਹੁਣ ਯੂ.ਐੱਸ.ਐੱਫ.ਡੀ.ਏ. ਦੀ ਦਰਾਮਦ ਚਿਤਾਵਨੀ ਸੂਚੀ ‘ਚ ਰੱਖਿਆ ਗਿਆ ਹੈ, ਜਿਸ ਦਾ ਮਕਸਦ ਕੰਪਨੀ ਦੇ ਉਤਪਾਦਾਂ ਨੂੰ ਅਮਰੀਕਾ ‘ਚ ਦਾਖਲ ਹੋਣ ਤੋਂ ਰੋਕਣਾ ਹੈ। ਯੂ.ਐੱਸ.ਐੱਫ.ਡੀ.ਏ. ਵੱਲੋਂ ਚਿਤਾਵਨੀ ਜਾਰੀ ਕਰਨ ਤੋਂ ਬਾਅਦ ਕੇਂਦਰ ਅਤੇ ਤਾਮਿਲਨਾਡੂ ਸਰਕਾਰ ਦੇ ਡਰੱਗ ਇੰਸਪੈਕਟਰਾਂ ਦੀ ਇਕ ਟੀਮ ਨੇ ਕੰਪਨੀ ਦੇ ਕੰਪਲੈਕਸ ਦੀ ਜਾਂਚ ਕੀਤੀ। ਇਸ ਦਰਮਿਆਨ ਭਾਰਤੀ ਡਰੱਗ ਰੈਗੂਲੇਟਰੀ ਸੰਸਥਾਵਾਂ ਵੱਲੋਂ ਤਾਮਿਲਨਾਡੂ ਦੇ ਗਲੋਬਲ ਫਾਰਮਾ ਹੈਲਥਕੇਅਰ ਦੇ ਪਲਾਂਟ ਦੇ ਨਿਰੀਖਣ ਤੋਂ ਬਾਅਦ ਜਾਂਚ ਪੂਰੀ ਹੋਣ ਤੱਕ ਉਸ ਨੂੰ ਨੇਤਰ ਰੋਗ ਸਬੰਧੀ ਸਾਰੇ ਉਤਪਾਦਾਂ ਦਾ ਨਿਰਮਾਣ ਰੋਕਣ ਲਈ ਕਿਹਾ ਗਿਆ ਹੈ।