-ਮਜ਼ਦੂਰ ਤਸਕਰੀ ਤੋਂ ਲੈ ਕੇ ਸੈਕਸ ਤਸਕਰੀ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੁਜ਼ਗਾਰ ਦੇਣ ਦੀਆਂ ਗਤੀਵਿਧੀਆਂ ‘ਚ ਸ਼ਾਮਲ
ਨਿਊਯਾਰਕ, 15 ਅਗਸਤ (ਰਾਜ ਗੋਗਨਾ/ਪੰਜਾਬ ਮੇਲ)— ਬੀਤੇ ਦਿਨ ਐੱਫ.ਬੀ.ਆਈ. ਅਤੇ ਨਿਆਂ ਵਿਭਾਗ ਵੱਲੋਂ ਅਮਰੀਕਾ ਦੇ ਸੂਬੇ ਨੇਬਰਾਸਕਾ ‘ਚ ਚਾਰ ਹੋਟਲਾਂ ‘ਚ ਛਾਪੇਮਾਰੀ ਕੀਤੀ ਗਈ, ਜੋ ਕਿ ਮਜ਼ਦੂਰ ਤਸਕਰੀ ਤੋਂ ਲੈ ਕੇ ਸੈਕਸ ਤਸਕਰੀ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੁਜ਼ਗਾਰ ਦੇਣ ਤੱਕ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸਨ। ਇਨ੍ਹਾਂ ਹੋਟਲਾਂ ਦੇ ਮਾਲਕ ਇੱਕੋ ਹੀ ਪਰਿਵਾਰ ਦੇ ਮੈਂਬਰ ਹਨ, ਜਿਸ ਵਿਚ ਓਮਾਹਾ ਮੈਟਰੋ ਖੇਤਰ ਅਤੇ ਕੇਂਦਰੀ ਨੇਬਰਾਸਕਾ ਦੇ ਹੋਟਲ ਸ਼ਾਮਲ ਹਨ।
ਸਰਚ ਵਾਰੰਟ ਦੇ ਆਧਾਰ ‘ਤੇ ਸਵੇਰੇ-ਸਵੇਰੇ ਇਨ੍ਹਾਂ ਹੋਟਲਾਂ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਵਿਚ 11 ਵੱਖ-ਵੱਖ ਏਜੰਸੀਆਂ ਦੇ ਲਗਭਗ 300 ਅਧਿਕਾਰੀਆਂ ਨੇ ਹਿੱਸਾ ਲਿਆ। ਸੰਯੁਕਤ ਰਾਜ ਦੇ ਅਟਾਰਨੀ ਲੈਸਲੀ ਏ. ਵੁੱਡਸ ਅਨੁਸਾਰ ਕੁੱਲ ਚਾਰ ਹੋਟਲਾਂ – ਜਿਨ੍ਹਾਂ ਦੇ ਨਾਂਅ ਦ ਅਮਰੀਕਨ ਇਨ, ਦ ਇਨ, ਦ ਨਿਊ ਵਿਕਟੋਰੀਅਨ ਅਤੇ ਦ ਰੋਡਵੇਅ ਇਨ ‘ਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜ ਲੋਕਾਂ ਵਿਚ ਭਾਰਤੀ ਮੂਲ ਦੇ ਕੇਤਨ ਉਰਫ਼ ਕੇਨ ਚੌਧਰੀ ਅਤੇ ਉਸਦੀ ਪਤਨੀ ਰਸ਼ਮੀ ਉਰਫ਼ ਫਾਲਗੁਨੀ, ਕੇਤਨ ਦਾ ਭਰਾ ਅਮਿਤ ਬਾਬੂਲਾਲ ਚੌਧਰੀ ਅਤੇ ਜੀਜਾ ਅਮਿਤ ਪ੍ਰਹਿਲਾਦਭਾਈ ਚੌਧਰੀ ਅਤੇ ਮਹੇਸ਼ ਚੌਧਰੀ ਸ਼ਾਮਲ ਹਨ।
ਇਸ ਤੋਂ ਇਲਾਵਾ ਚਾਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪਹਿਲਾਂ ਵਾਰੰਟ ਜਾਰੀ ਕੀਤੇ ਗਏ ਸਨ, ਪਰ ਪੁਲਿਸ ਨੇ ਉਨ੍ਹਾਂ ਦੇ ਨਾਮ ਜਾਰੀ ਨਹੀਂ ਕੀਤੇ ਹਨ। ਆਈ.ਸੀ.ਈ. ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਛਾਪੇਮਾਰੀ ਵਿਚ ਦਸ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਸੰਘੀ, ਰਾਜ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨੇ 14 ਕਾਰੋਬਾਰਾਂ ਦੇ ਨਾਲ-ਨਾਲ ਦੋ ਰਿਹਾਇਸ਼ੀ ਸਥਾਨਾਂ ਵਿਰੁੱਧ ਜਾਰੀ ਕੀਤੇ ਗਏ ਸਰਚ ਵਾਰੰਟ ਲਾਗੂ ਕੀਤੇ। ਜਾਂਚ ਦੌਰਾਨ ਹੋਟਲਾਂ ਸਮੇਤ ਇਨ੍ਹਾਂ ਕਾਰੋਬਾਰਾਂ ਵਿਚ ਕੰਮ ਕਰਨ ਵਾਲੇ 10 ਨਾਬਾਲਗਾਂ ਨੂੰ ਮਜ਼ਦੂਰ ਤਸਕਰੀ ਤੋਂ ਵੀ ਬਚਾਇਆ ਗਿਆ, ਜਿਨ੍ਹਾਂ ਵਿਚੋਂ ਕੁਝ 12 ਸਾਲ ਤੋਂ ਘੱਟ ਉਮਰ ਦੇ ਸਨ ਅਤੇ ਉਨ੍ਹਾਂ ਨੂੰ ਬਹੁਤ ਘੱਟ ਜਾਂ ਬਿਨਾਂ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਇਲਾਵਾ 17 ਹੋਰ ਬਾਲਗਾਂ ਨੂੰ ਕੁੱਲ 27 ਪੀੜਤਾਂ ਸਮੇਤ ਬਚਾਇਆ ਗਿਆ ਅਤੇ 565,000 ਹਜ਼ਾਰ ਡਾਲਰ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ।
ਪੰਜ ਮੁਲਜ਼ਮ ਜਿਨ੍ਹਾਂ ਦਾ ਉਪਨਾਮ ਚੌਧਰੀ ਹੈ, ਨੂੰ ਕਈ ਤਰ੍ਹਾਂ ਦੇ ਸੰਘੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਨੂੰ ਸਰਕਾਰੀ ਵਕੀਲ ਮਜ਼ਦੂਰ ਤਸਕਰੀ, ਸੈਕਸ ਤਸਕਰੀ ਅਤੇ ਗ਼ੈਰਕਾਨੂੰਨੀ ਦਸਤਾਵੇਜ਼ੀ ਪ੍ਰਵਾਸ਼ੀਆ ਨੂੰ ਪਨਾਹ ਦੇਣ ਦੀ ਸ਼ਾਜਿਸ਼ ਵਜੋਂ ਦਰਸਾਉਂਦੇ ਹਨ ਅਤੇ ਜਿਸ ਹੋਟਲ ਵਿਚ ਇਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਸੀ, ਉਹ ਬਹੁਤ ਗੰਦਾ ਅਤੇ ਖ਼ਤਰਨਾਕ ਸੀ ਅਤੇ ਹੋਟਲ ਵਿਚ ਠਹਿਰੇ ਕੁਝ ਲੋਕਾਂ ਨੇ ਔਨਲਾਈਨ ਸਮੀਖਿਆਵਾਂ ਵਿਚ ਵੀ ਇਸਦਾ ਜ਼ਿਕਰ ਕੀਤਾ ਸੀ। ਵਕੀਲ ਦੇ ਦਫ਼ਤਰ ਨੇ ਇਹ ਵੀ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਇੱਕ ਤੋਂ ਵੱਧ ਮੁਲਜ਼ਮ ਸੈਕਸ ਤਸਕਰੀ ਵਿਚ ਵੀ ਸ਼ਾਮਲ ਸਨ, ਜਿਸ ਵਿਚ ਨਾਬਾਲਗਾਂ ਤੋਂ ਇਲਾਵਾ ਬਾਲਗਾਂ ਤੋਂ ਇਹ ਕੰਮ ਕਰਵਾਇਆ ਜਾ ਰਿਹਾ ਸੀ ਅਤੇ ਇਨ੍ਹਾਂ ਹੋਟਲਾਂ ਵਿਚ ਨਸ਼ੀਲੇ ਪਦਾਰਥਾਂ ਦੀ ਗਤੀਵਿਧੀ ਵੀ ਚੱਲ ਰਹੀ ਸੀ।
ਅਮਰੀਕਾ ‘ਚ ਭਾਰਤੀਆਂ ਦੇ ਚਾਰ ਹੋਟਲਾਂ ‘ਤੇ ਛਾਪੇਮਾਰੀ ਦੌਰਾਨ 5 ਭਾਰਤੀ ਗ੍ਰਿਫ਼ਤਾਰ

