ਸੈਕਰਾਮੈਂਟੋ, 20 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਅੰਮ੍ਰਿਤਧਾਰੀ ਸਿੱਖ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਭੇਦਭਾਵ ਕੀਤਾ ਗਿਆ ਹੈ ਤੇ ਕ੍ਰਿਪਾਨ ਪਹਿਣੀ ਹੋਣ ਕਾਰਨ ਬਾਸਕਟਬਾਲ ਮੈਚ ਵੇਖਣ ਲਈ ਉਸ ਨੂੰ ਸਟੇਡੀਅਮ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਮਨਦੀਪ ਸਿੰਘ ਨੇ ਇਕ ਟਵੀਟ ‘ਚ ਕਿਹਾ ਹੈ ਕਿ ਉਹ ਇਥੇ ਇਕ ਬਾਸਕਟਬਾਲ ਮੈਚ ਜਿਸ ਵਿਚ ਐੱਮ.ਬੀ.ਏ. ਟੀਮ ਸੈਕਰਾਮੈਂਟੋ ਕਿੰਗਜ਼ ਵੀ ਹਿੱਸਾ ਲੈ ਰਹੀ ਸੀ, ਵੇਖਣ ਗਿਆ ਸੀ ਪਰੰਤੂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ। ਉਸ ਨੇ ਟਵੀਟ ਵਿਚ ਕਿਹਾ ਕਿ ਹਾਲਾਂਕਿ ਉਸ ਨੂੰ ਇਕ ਈ ਮੇਲ ਰਾਹੀਂ ਸੈਕਰਾਮੈਂਟੋ ਕਿੰਗਜ਼ ਨੇ ਮੈਚ ਵੇਖਣ ਦਾ ਸੱਦਾ ਦਿੱਤਾ ਸੀ ਪਰੰਤੂ ਫਿਰ ਵੀ ਉਸ ਨਾਲ ਅਜਿਹਾ ਸਲੂਕ ਕੀਤਾ ਗਿਆ। ਮਨਦੀਪ ਨੇ ਕਿਹਾ ਕਿ ਉਸ ਨੇ ਉਥੇ ਮੌਜੂਦ ਅਧਿਕਾਰੀਆਂ ਨੂੰ ਆਪਣੇ ਅੰਮ੍ਰਿਤਧਾਰੀ ਹੋਣ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਇਸ ਦਾ ਕੋਈ ਅਸਰ ਨਹੀਂ ਹੋਇਆ ਤੇ ਉਸ ਨੂੰ ਬਿਨਾਂ ਮੈਚ ਵੇਖੇ ਵਾਪਸ ਆਉਣ ਲਈ ਮਜਬੂਰ ਹੋਣਾ ਪਿਆ।