ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)-ਅਮਰੀਕਾ ‘ਚ ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਲਗਾਤਾਰ ਸਖ਼ਤ ਰੁਖ਼ ਅਪਣਾ ਰਿਹਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਰਹਿਣ ਵਾਲੇ ਸਾਰੇ ਲੋਕਾਂ ਲਈ ਰਜਿਸਟਰੀ ਦਫ਼ਤਰ ਬਣਾ ਰਿਹਾ ਹੈ ਅਤੇ ਜੋ ਲੋਕ ਇਨ੍ਹਾਂ ਦਫ਼ਤਰਾਂ ‘ਚ ਸਵੈ-ਰਿਪੋਰਟ ਨਹੀਂ ਕਰਨਗੇ, ਉਨ੍ਹਾਂ ਨੂੰ ਜੁਰਮਾਨੇ ਜਾਂ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਹਰ ਕੋਈ ਜੋ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਹੈ, ਉਸ ਨੂੰ ਰਜਿਸਟਰਡ ਕਰਨਾ, ਫਿੰਗਰਪ੍ਰਿੰਟ ਦੇਣਾ ਅਤੇ ਪਤਾ ਦੇਣਾ ਲਾਜ਼ਮੀ ਹੈ ਅਤੇ ਇਹ ਹੁਕਮ 14 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ‘ਤੇ ਲਾਗੂ ਹੋਵੇਗਾ। ਬਿਆਨ ‘ਚ ਕਿਹਾ ਗਿਆ ਹੈ ਕਿ ਇਕ ਪ੍ਰਵਾਸੀ ਦਾ ਰਜਿਸਟਰਡ ਕਰਨ ‘ਚ ਅਸਫ਼ਲ ਹੋਣਾ ਇਕ ਅਪਰਾਧ ਹੈ, ਜਿਸ ਦੇ ਨਤੀਜੇ ਵਜੋਂ ਜੁਰਮਾਨਾ, ਕੈਦ ਜਾਂ ਦੋਵੇਂ ਹੋ ਸਕਦੇ ਹਨ। ਅਮਰੀਕਾ ਨਾਗਰਿਕਤਾ ਅਤੇ ਪ੍ਰਵਾਸੀ ਸੇਵਾ ਦੀ ਵੈੱਬਸਾਈਟ ‘ਚ ਦੱਸਿਆ ਗਿਆ ਹੈ ਕਿ ਉਹ ਰਜਿਸਟ੍ਰੇਸ਼ਨ ਲਈ ਜਲਦੀ ਹੀ ਇਕ ਫਾਰਮ ਤਿਆਰ ਕਰੇਗਾ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਦੌਰਾਨ ਪ੍ਰਵਾਸ ਸੰਬੰਧੀ 10 ਕਾਰਜਕਾਰੀ ਆਦੇਸ਼ ਜਾਰੀ ਕੀਤੇ ਸਨ, ਜਿਸ ‘ਚੋਂ ਇਕ ‘ਚ ਰਜਿਸਟਰੀ ਬਣਾਉਣ ਦੀ ਗੱਲ ਵੀ ਕੀਤੀ ਗਈ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕਾ ‘ਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਲੋਕ ਸਵੈ-ਇੱਛਾ ਨਾਲ ਸੰਘੀ ਸਰਕਾਰ ਨੂੰ ਇਹ ਜਾਣਕਾਰੀ ਦੇਣਗੇ ਕਿ ਉਹ ਕੌਣ ਹਨ ਅਤੇ ਕਿਥੇ ਰਹਿ ਰਹੇ ਹਨ। ਇਸੇ ਵਿਚਕਾਰ ਵ੍ਹਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਸਰਹੱਦ ਤੋਂ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ ਦੇ ਮਾਮਲਿਆਂ ‘ਚ ਵਰਣਨਯੋਗ ਕਮੀ ਆਈ ਹੈ ਅਤੇ ਇਹ ਪਿਛਲੇ 15 ਸਾਲਾਂ ‘ਚ ਸਭ ਤੋਂ ਘੱਟ ਹੈ।
ਅਮਰੀਕਾ ‘ਚ ਫਿੰਗਰ ਪ੍ਰਿੰਟ ਤੇ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਮਿਲੇਗੀ ਸਜ਼ਾ
