ਮਿਸੀਸਿਪੀ/ਬੇਗੋਵਾਲ, 23 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿਚ ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਨਾਲ ਸਟੋਰ ਦੇ ਬਾਹਰ ਕੰਮ ਕਰ ਰਹੇ ਪੰਜਾਬੀ ਨੌਜਵਾਨ ਸਮੇਤ 2 ਦੀ ਮੌਤ ਹੋ ਗਈ। ਮ੍ਰਿਤਕਾਂ ‘ਚੋਂ ਇਕ ਵਿਅਕਤੀ ਜ਼ਿਲ੍ਹਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਪਛਾਣ ਜਸਵੀਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਬੇਗੋਵਾਲ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਵੱਸਣ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ ਉਸਦਾ ਲੜਕਾ ਜਸਵੀਰ ਸਿੰਘ (33) ਕੁਝ ਸਮਾਂ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ 40 ਲੱਖ ਰੁਪਏ ਕਰਜ਼ਾ ਚੁੱਕ ਕੇ ਵਿਦੇਸ਼ ਵਿਚ ਗਿਆ ਸੀ, ਜੋ ਵਿਆਹਿਆ ਹੋਇਆ ਸੀ ਅਤੇ ਉਸ ਦੇ 2 ਬੱਚੇ ਵੀ ਹਨ। ਉਸਦਾ ਭਰਾ ਵੀ ਪਰਿਵਾਰ ਸਮੇਤ ਬਾਹਰ ਅਮਰੀਕਾ ਰਹਿ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਜਿੱਥੇ ਕੰਮ ਕਰਦਾ ਸੀ, ਉਸ ਸਟੋਰ ਦੇ ਬਾਹਰ ਖੜ੍ਹਾ ਸੀ, ਇੰਨੇ ਨੂੰ ਕਾਰ ਵਿਚ ਆਏ 2-3 ਅਣਪਛਾਤਿਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸਿਰ ‘ਤੇ ਗੋਲੀ ਲੱਗਣ ਕਾਰਨ ਜਸਵੀਰ ਸਿੰਘ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਸ ਦੇ ਲੜਕੇ ਤੋਂ ਇਲਾਵਾ ਇਕ ਹੋਰ ਵਿਅਕਤੀ ਦੀ ਮੌਤ ਹੋਈ ਦੱਸੀ ਜਾ ਰਹੀ ਹੈ, ਜਦਕਿ 3 ਜ਼ਖਮੀ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ।