#AMERICA

ਅਮਰੀਕਾ ‘ਚ ਪੜ੍ਹਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ ਭਾਰੀ ਹੋਈ ਗਿਰਾਵਟ

-ਭਾਰਤੀਆਂ ਨੂੰ ਜਾਰੀ ਕੀਤੇ ਗਏ ਵਿਦਿਆਰਥੀ ਵੀਜ਼ਾ ‘ਚ 38 ਫੀਸਦੀ ਦੀ ਕਮੀ ਆਈ
ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਅਮਰੀਕਾ ‘ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਸਬੰਧੀ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਅਮਰੀਕੀ ਸੰਸਥਾਵਾਂ ਵਿਚ ਪੜ੍ਹਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। ਕੋਵਿਡ (ਮਹਾਮਾਰੀ) ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੇ ਮੁਕਾਬਲੇ 2024 ਦੇ ਪਹਿਲੇ ਨੌਂ ਮਹੀਨਿਆਂ ਵਿਚ ਭਾਰਤੀਆਂ ਨੂੰ ਜਾਰੀ ਕੀਤੇ ਗਏ ਐੱਫ-1 ਵਿਦਿਆਰਥੀ ਵੀਜ਼ਾ ਵਿਚ 38 ਫੀਸਦੀ ਦੀ ਕਮੀ ਆਈ ਹੈ। ਕੌਂਸਲਰ ਮਾਮਲਿਆਂ ਦੇ ਬਿਊਰੋ ਦੀ ਵੈੱਬਸਾਈਟ ‘ਤੇ ਉਪਲਬਧ ਗੈਰ-ਪ੍ਰਵਾਸੀ ਵੀਜ਼ਾ ਰਿਪੋਰਟ ਦਾ ਵਿਸ਼ਲੇਸ਼ਣ ਕੀਤਾ ਗਿਆ, ਜੋ ਦਰਸਾਉਂਦਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਐੱਫ-1 ਵੀਜ਼ੇ ਮਹਾਮਾਰੀ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ।
ਇਸ ਸਾਲ ਜਨਵਰੀ ਤੋਂ ਸਤੰਬਰ ਤੱਕ 64,008 ਵੀਜ਼ੇ ਜਾਰੀ ਕੀਤੇ ਗਏ ਹਨ, ਜਦੋਂਕਿ 2023 ਦੇ ਇਸੇ ਮਹੀਨਿਆਂ ਦੌਰਾਨ 1,03,495 ਵੀਜ਼ੇ ਜਾਰੀ ਕੀਤੇ ਗਏ ਸਨ। ਅੰਕੜੇ ਦੱਸਦੇ ਹਨ ਕਿ 2021 ਵਿਚ 65,235 ਵੀਜ਼ੇ ਜਾਰੀ ਕੀਤੇ ਗਏ ਸਨ ਅਤੇ 2022 ਵਿਚ 93,181 ਵੀਜ਼ੇ ਜਾਰੀ ਕੀਤੇ ਗਏ ਸਨ। ਮਹਾਮਾਰੀ ਦੌਰਾਨ 2020 ਦੇ ਪਹਿਲੇ ਨੌਂ ਮਹੀਨਿਆਂ ਦੌਰਾਨ ਭਾਰਤੀਆਂ ਨੂੰ ਸਿਰਫ਼ 6,646 ਐੱਫ-1 ਵੀਜ਼ਾ ਜਾਰੀ ਕੀਤੇ ਗਏ ਸਨ।
ਇਹ ਗਿਰਾਵਟ ਸਿਰਫ਼ ਭਾਰਤੀ ਵਿਦਿਆਰਥੀਆਂ ਤੱਕ ਸੀਮਤ ਨਹੀਂ ਹੈ। ਅਮਰੀਕਾ ਆਉਣ ਵਾਲੇ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਵੱਡੀ ਗਿਰਾਵਟ ਦੇਖੀ ਗਈ ਹੈ। 2024 ਦੇ ਮੁਕਾਬਲੇ ਚੀਨ ਦੇ ਵਿਦਿਆਰਥੀ 8 ਫੀਸਦੀ ਘੱਟ ਪਹੁੰਚ ਗਏ ਹਨ। ਚੀਨੀ ਵਿਦਿਆਰਥੀਆਂ ਨੂੰ ਜਨਵਰੀ ਤੋਂ ਸਤੰਬਰ ਤੱਕ ਕੁੱਲ 73,781 ਐੱਫ-1 ਵੀਜ਼ਾ ਜਾਰੀ ਕੀਤੇ ਗਏ ਸਨ, ਜੋ ਪਿਛਲੇ ਸਾਲ 80,603 ਤੋਂ ਘੱਟ ਸਨ, ਪਰ ਅਜੇ ਵੀ 2022 ਵਿਚ ਜਾਰੀ ਕੀਤੇ ਗਏ 52,034 ਤੋਂ ਵੱਧ ਹਨ।
ਐੱਫ-1 ਵੀਜ਼ਾ ਅਮਰੀਕਾ ਵਿਚ ਵਿਦਿਅਕ ਸੰਸਥਾਵਾਂ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਇੱਕ ਗੈਰ-ਪ੍ਰਵਾਸੀ ਸ਼੍ਰੇਣੀ ਹੈ। ਜਦੋਂ ਕਿ ਐੱਮ.-1 ਵੀਜ਼ਾ ਪੇਸ਼ੇਵਰ ਤੇ ਗੈਰ-ਅਕਾਦਮਿਕ ਪ੍ਰੋਗਰਾਮਾਂ ਨੂੰ ਕਵਰ ਕਰਦਾ ਹੈ। ਇਹ ਵਿਸ਼ਲੇਸ਼ਣ ਐੱਫ.-1 ਵੀਜ਼ਾ ‘ਤੇ ਕੇਂਦ੍ਰਿਤ ਹੈ, ਜੋ ਕਿ ਸਾਲਾਨਾ ਅਮਰੀਕੀ ਵਿਦਿਆਰਥੀ ਵੀਜ਼ਿਆਂ ਦਾ 90 ਪ੍ਰਤੀਸ਼ਤ ਤੋਂ ਵੱਧ ਹੈ।
ਵਿਦੇਸ਼ੀ ਸਿੱਖਿਆ ਸਲਾਹਕਾਰਾਂ ਨੇ ਇਸ ਸਾਲ ਐੱਫ-1 ਵੀਜ਼ਾ ਜਾਰੀ ਕਰਨ ਵਿਚ ਕਮੀ ਦੇ ਕਾਰਨਾਂ ਬਾਰੇ ਗੱਲ ਕੀਤੀ ਹੈ। ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਇਸ ਦਾ ਇਕ ਅਹਿਮ ਕਾਰਨ ਦੱਸਿਆ ਗਿਆ ਹੈ। ਲੰਬੇ ਇੰਤਜ਼ਾਰ ਦੇ ਸਮੇਂ ਅਤੇ ਵੀਜ਼ਾ ਸਬੰਧੀ ਚੁਣੌਤੀਆਂ ਬਾਰੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।