* ਇਟਾਲੀਅਨ ਰੈਸਟੋਰੈਂਟ ‘ਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰਾਤ ਦੇ ਖਾਣੇ ਤੋਂ ਪਹਿਲਾਂ ਮਾਰਿਆ ਛਾਪਾ
* ਅਦਾਲਤਾਂ ‘ਚ ਸੁਣਵਾਈ ਮੌਕੇ ਵੀ ਕੀਤੀਆਂ ਜਾ ਰਹੀਆਂ ਹਨ ਗ੍ਰਿਫਤਾਰੀਆਂ
ਸੈਕਰਾਮੈਂਟੋ, 4 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ਾਂ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ‘ਚ ਤੇਜ਼ੀ ਲਿਆਂਦੀ ਹੈ, ਜਿਸ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਨਜ਼ਰ ਆ ਰਿਹਾ ਹੈ। ਸ਼ੁਰੂ ‘ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ ਸੀ ਪਰੰਤੂ ਬਾਅਦ ‘ਚ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦਾ ਘੇਰਾ ਵਧਾ ਦਿੱਤਾ ਗਿਆ ਤੇ ਛੋਟੇ-ਮੋਟੇ ਅਪਰਾਧਾਂ ‘ਚ ਸ਼ਾਮਲ ਪ੍ਰਵਾਸੀਆਂ ਨੂੰ ਵੀ ਇਸ ਘੇਰੇ ‘ਚ ਸ਼ਾਮਲ ਕਰ ਲਿਆ ਗਿਆ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਫੈਕਟਰੀਆਂ, ਹੋਟਲਾਂ ਤੇ ਖੇਤੀਬਾੜੀ ਫਾਰਮਾਂ ਉਪਰ ਛਾਪੇ ਮਾਰੇ ਜਾ ਰਹੇ ਹਨ ਤੇ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਿਆ ਜਾ ਰਿਹਾ ਹੈ। ਪ੍ਰਸਿੱਧ ਸਾਨ ਡਿਆਗੋ ਇਟਾਲੀਅਨ ਰੈਸਟੋਰੈਂਟ ‘ਚ ਰਾਤ ਦੇ ਖਾਣੇ ਤੋਂ ਪਹਿਲਾਂ ਮਾਰੇ ਗਏ ਛਾਪੇ ਦੌਰਾਨ ਕਈ ਵਰਕਰਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖਬਰ ਹੈ। ਸਥਾਨਕ ਸੀ.ਬੀ.ਐੱਸ. ਸਟੇਸ਼ਨ ਦੁਆਰਾ ਇਸ ਛਾਪੇ ਦੀ ਇਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿਚ ਇਸ ਛਾਪੇ ਦਾ ਸਥਾਨਕ ਲੋਕ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ। ਭਾਰੀ ਗਿਣਤੀ ‘ਚ ਹਥਿਆਰਬੰਦ ਏਜੰਟ ਰੈਸਟੋਰੈਂਟ ‘ਚ ਦਾਖਲ ਹੋਏ ਤੇ ਉਨ੍ਹਾਂ ਨੇ ਹੋਟਲ ‘ਚ ਕੰਮ ਕਰ ਰਹੇ ਵਰਕਰਾਂ ਨੂੰ ਹਿਰਾਸਤ ‘ਚ ਲੈਣਾ ਸ਼ੁਰੂ ਕਰ ਦਿੱਤਾ, ਜਿਸ ਦਾ ਮੌਕੇ ‘ਤੇ ਹਾਜ਼ਰ ਲੋਕਾਂ ਨੇ ਵਿਰੋਧ ਕੀਤਾ। ਏਜੰਟਾਂ ਨੇ ਬੁਲਟ ਪਰੂਫ ਜੈਕਟਾਂ ਪਾਈਆਂ ਹੋਈਆਂ ਸਨ ਤੇ ਆਪਣੇ ਉਪਰ ਹੋਮਲੈਂਡ ਸਕਿਉਰਿਟੀ ਜਾਂਚ ਲੋਗੋ ਚਿਪਕਾਇਆ ਹੋਇਆ ਸੀ। ਪੈਡਰੋ ਰਿਆਸ, ਡਾਇਰੈਕਟਰ ਆਫ ਕੁਏਕਰ ਅਮੈਰੀਕਨ ਫਰੈਂਡਜ ਸਰਵਿਸ ਕਮੇਟੀ ਯੂ.ਐੱਸ.-ਮੈਕਸੀਕੋ ਬਾਰਡਰ ਪ੍ਰੋਗਰਾਮ ਨੇ ਮੀਡੀਆ ਨੂੰ ਦੱਸਿਆ ਕਿ ਏਜੰਟਾਂ ਨੇ ਵਿਰੋਧ ਕਰ ਰਹੀ ਭੀੜ ਉਪਰ ਗਰਨੇਡ ਵੀ ਦਾਗੇ। ਕਾਰਜਕਾਰੀ ਡਾਇਰੈਕਟਰ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਏਜੰਟਾਂ ਨੇ ਛਾਪੇ ਦੌਰਾਨ ਕੁਝ ਵੀ ਗਲਤ ਨਹੀਂ ਕੀਤਾ, ਉਨ੍ਹਾਂ ਨੇ ਕੇਵਲ ਆਪਣੀ ਲਾਅ ਇਨਫੋਰਸਮੈਂਟ ਡਿਊਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਾਜ਼ੀ ਨਾ ਕਿਹਾ ਜਾਵੇ ਤੇ ਨਾ ਹੀ ਅਸੀਂ ਕੋਈ ਖਲਨਾਇਕ ਹਾਂ। ਪਿਛਲੇ ਹਫਤੇ ਦੇ ਸ਼ੁਰੂ ‘ਚ ਆਈ.ਸੀ.ਈ. ਏਜੰਟਾਂ ਨੇ ਸਾਨ ਐਨਟੋਨੀਓ, ਟੈਕਸਾਸ ਕੋਰਟ ਹਾਊਸ ‘ਚ ਸੁਣਵਾਈ ਤੋਂ ਬਾਅਦ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲੈ ਲਿਆ ਸੀ, ਜਿਸ ਦਾ ਪ੍ਰਵਾਸੀਆਂ ਦੇ ਵਕੀਲਾਂ ਨੇ ਸਖਤ ਵਿਰੋਧ ਕੀਤਾ ਸੀ। ਇਮੀਗ੍ਰਾਂਟ ਲੀਗਲ ਰਿਸੋਰਸ ਸੈਂਟਰ ਨੇ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਇਸ ਬਹੁਤ ਹੀ ਸੰਕਟ ਭਰੇ ਸਮੇਂ ਵਿਚ ਪ੍ਰਵਾਸੀ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਵਾਸੀ ਨਿਆਂ ਲਈ ਅਦਾਲਤਾਂ ‘ਚ ਆਉਂਦੇ ਹਨ ਪਰੰਤੂ ਸੁਣਵਾਈ ਵਿਚ ਵਿਘਣ ਪਾਇਆ ਜਾ ਰਿਹਾ ਹੈ। ਇਸ ਬਿਆਨ ਨਾਲ ਇਕ ਵੀਡੀਓ ਵੀ ਜੋੜੀ ਗਈ ਹੈ, ਜਿਸ ਵਿਚ ਆਈ.ਸੀ.ਈ. ਏਜੰਟ ਅਦਾਲਤ ‘ਚ 4 ਬੱਚਿਆਂ ਸਮੇਤ ਇਕ ਮਾਂ ਨੂੰ ਹਿਰਾਸਤ ਵਿਚ ਲੈ ਰਹੇ ਹਨ। ਇਕ ਨਬਾਲਗ ਬੱਚੇ ਦੇ ਹੱਥ ਪਿੱਠ ਪਿੱਛੇ ਬੰਨ੍ਹੇ ਹੋਏ ਨਜ਼ਰ ਆ ਰਹੇ ਹਨ। ਐਡੋਵੋਕੇਸੀ ਗਰੁੱਪ ਯੂਨੀਡੋਸ ਪੋਡਮੋਸ ਵੱਲੋਂ ਇਸੇ ਹੀ ਅਦਾਲਤ ਦੇ ਬਾਹਰਵਾਰ ਪ੍ਰਵਾਸੀਆਂ ਦੀ ਗ੍ਰਿਫਤਾਰੀ ਦੀ ਇਕ ਹੋਰ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿਚ ਉਸ ਸਮੇਂ ਦਾ ਬਹੁਤ ਹੀ ਭਾਵੁਕ ਦ੍ਰਿਸ਼ ਨਜਰ ਆ ਰਿਹਾ ਹੈ, ਜਿਸ ਵਿਚ ਸਿਵਲ ਵਰਦੀ ਵਿਚ ਏਜੰਟ ਦੋ ਔਰਤਾਂ ਤੇ ਇਕ ਬੱਚੇ ਨੂੰ ਕੈਦੀਆਂ ਨੂੰ ਲਿਜਾਣ ਵਾਲੀ ਗੱਡੀ ਵਿਚ ਜਬਰਨ ਚੜ੍ਹਾ ਰਹੇ ਹਨ।
ਅਮਰੀਕਾ ‘ਚ ਪ੍ਰਵਾਸੀਆਂ ਦੀ ਫੜੋਫੜੀ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਬਣਿਆ
