ਵਾਸ਼ਿੰਗਟਨ, 21 ਮਈ (ਪੰਜਾਬ ਮੇਲ)- ਸੋਨੇ ਦੀ ਭਾਰੀ ਵਿਕਰੀ ਨੂੰ ਦੇਖਦੇ ਹੋਏ, ਅਮਰੀਕਾ ਦੀ ਵੱਡੀ ਪ੍ਰਚੂਨ ਕੰਪਨੀ ‘ਕੋਸਟਕੋ ਹੋਲਸੇਲ’ ਨੇ ਹੁਣ ਇਸਦੀ ਖਰੀਦ ‘ਤੇ ਇੱਕ ਸੀਮਾ ਲਗਾ ਦਿੱਤੀ ਹੈ। 16 ਮਈ ਤੋਂ ਲਾਗੂ ਹੋਏ ਨਵੇਂ ਨਿਯਮ ਅਨੁਸਾਰ, ਗਾਹਕ ਹੁਣ ਹਰ 24 ਘੰਟਿਆਂ ਵਿਚ ਸਿਰਫ਼ ਦੋ 1-ਔਂਸ ਸੋਨੇ ਦੀਆਂ ਬਾਰਾਂ ਹੀ ਖਰੀਦ ਸਕਣਗੇ। ਜੇਕਰ ਕੋਈ ਗਾਹਕ ਇਸ ਤੋਂ ਵੱਧ ਖਰੀਦਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਨੂੰ ਵੈੱਬਸਾਈਟ ‘ਤੇ ਇਹ ਸੁਨੇਹਾ ਮਿਲੇਗਾ: ”ਪ੍ਰਤੀ ਮੈਂਬਰਸ਼ਿਪ 1 ਲੈਣ-ਦੇਣ ਦੀ ਸੀਮਾ, ਪ੍ਰਤੀ 24 ਘੰਟਿਆਂ ਵਿਚ ਵੱਧ ਤੋਂ ਵੱਧ 2 ਯੂਨਿਟ।”
ਇਸ ਤੋਂ ਪਹਿਲਾਂ, ਕੋਸਟਕੋ ਗਾਹਕ ਇੱਕ ਦਿਨ ਵਿਚ 5 ਸੋਨੇ ਦੀਆਂ ਬਾਰਾਂ ਤੱਕ ਖਰੀਦ ਸਕਦੇ ਸਨ। ਜਦੋਂ ਕੰਪਨੀ ਨੇ 2023 ੱਿਚ ਸੋਨਾ ਵੇਚਣਾ ਸ਼ੁਰੂ ਕੀਤਾ, ਤਾਂ ਹਰ ਰੋਜ਼ 2 ਵਾਰ ਖਰੀਦਣ ਦੀ ਆਗਿਆ ਸੀ।
ਕੋਸਟਕੋ ਨੇ ਦੋ ਸਾਲਾਂ ਵਿਚ 100 ਮਿਲੀਅਨ ਡਾਲਰ (ਲਗਭਗ 833 ਕਰੋੜ ਰੁਪਏ) ਤੋਂ ਵੱਧ ਮੁੱਲ ਦੀਆਂ ਸੋਨੇ ਦੀਆਂ ਛੜਾਂ ਵੇਚੀਆਂ ਹਨ। ਜਦੋਂ ਕੰਪਨੀ ਨੇ 2023 ਵਿਚ ਇਸਨੂੰ ਵੇਚਣਾ ਸ਼ੁਰੂ ਕੀਤਾ ਸੀ, ਤਾਂ ਸੋਨੇ ਦੀ ਕੀਮਤ 1,810 ਡਾਲਰ ਪ੍ਰਤੀ ਔਂਸ ਸੀ, ਜੋ ਹੁਣ ਵੱਧ ਕੇ ਲਗਭਗ 3,500 ਡਾਲਰ ਪ੍ਰਤੀ ਔਂਸ ਹੋ ਗਈ ਹੈ।
ਗੋਲਡ ਦੀ ਸਫਲਤਾ ਤੋਂ ਬਾਅਦ, ਕੰਪਨੀ ਨੇ ਪਲੈਟੀਨਮ ਬਾਰ ਵੀ ਲਾਂਚ ਕੀਤਾ ਹੈ। ਇਸਦਾ ਭਾਰ ਵੀ 1 ਔਂਸ ਹੈ ਅਤੇ ਇਹ 999.5 ਸ਼ੁੱਧਤਾ ਦਾ ਹੈ। ਇਹ ਬਾਰ ਸਵਿਟਜ਼ਰਲੈਂਡ ਦੀ ਐੱਮ.ਕੇ.ਐੱਸ. ਪੀ.ਏ.ਐੱਮ.ਪੀ. ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ। ਗਾਹਕ ਇੱਕ ਸਮੇਂ ਵਿਚ ਸਿਰਫ਼ 1 ਪਲੈਟੀਨਮ ਬਾਰ ਖਰੀਦ ਸਕਦੇ ਹਨ ਅਤੇ ਹਰੇਕ ਗਾਹਕ ਵੱਧ ਤੋਂ ਵੱਧ 5 ਬਾਰ ਤੱਕ ਲੈ ਸਕਦਾ ਹੈ।
ਅਮਰੀਕਾ ‘ਚ ਪ੍ਰਚੂਨ ਕੰਪਨੀ ਨੇ ਗੋਲਡ ਦੀ ਖ਼ਰੀਦ ‘ਤੇ ਲਾਈ ਪਾਬੰਦੀ
