ਸਾਲਟ ਲੇਕ ਸਿਟੀ (ਅਮਰੀਕਾ), 17 ਜੂਨ (ਪੰਜਾਬ ਮੇਲ)- ਅਮਰੀਕਾ ਦੇ ਸਾਲਟ ਲੇਕ ਸਿਟੀ ਵਿਚ ‘ਨੋ ਕਿੰਗਜ਼’ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਇੱਕ ਸ਼ਖਸ ‘ਤੇ ਗੋਲੀ ਚਲਾ ਦਿੱਤੀ, ਜੋ ਉਸ ਸਮੇਤ ਇੱਕ ਰਾਹਗੀਰ ਨੂੰ ਲੱਗੀ, ਜਿਸ ਵਿਚ ਰਾਹਗੀਰ ਦੀ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਸ਼ਾਂਤੀ ਰੱਖਿਅਕ ਟੀਮ ਦਾ ਹਿੱਸਾ ਸੀ।
ਸਾਲਟ ਲੇਕ ਸਿਟੀ ਦੇ ਪੁਲਿਸ ਮੁਖੀ ਬ੍ਰਾਇਨ ਰੈੱਡ ਨੇ ਇੱਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਕਥਿਤ ਹਮਲਾਵਰ ਆਰਟੂਰੋ ਗੈਂਬੋਆ (24) ਨੂੰ ਕਤਲ ਦੇ ਦੋਸ਼ਾਂ ਵਿਚ ਹਿਰਾਸਤ ਵਿਚ ਲੈ ਲਿਆ। ਮ੍ਰਿਤਕ ਰਾਹਗੀਰ ਦੀ ਪਛਾਣ 39 ਸਾਲਾ ਆਰਥਰ ਫੋਲਾਸਾ ਏ. ਲੂ ਵਜੋਂ ਹੋਈ ਹੈ। ਰੈੱਡ ਨੇ ਕਿਹਾ ਕਿ ਦੋਸ਼ੀ ਨੇ ਤਿੰਨ ਗੋਲੀਆਂ ਚਲਾਈਆਂ ਜੋ ਗੈਂਬੋਆ ਅਤੇ ਲੂ ਨੂੰ ਲੱਗੀਆਂ। ਪੁਲਿਸ ਨੇ ਦੱਸਿਆ ਕਿ ਗੈਂਬੋਆ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਹ ਹਮਲੇ ਵਿਚ ਜ਼ਖਮੀ ਹੋਇਆ ਸੀ ਅਤੇ ਉਸਦਾ ਇਲਾਜ ਕੀਤਾ ਗਿਆ ਸੀ। ਉਸਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਰੈੱਡ ਨੇ ਕਿਹਾ ਕਿ ਹਮਲਾਵਰ ਅਤੇ ਇੱਕ ਹੋਰ ਵਿਅਕਤੀ ਨੇ ਰਾਤ 8 ਵਜੇ ਦੇ ਕਰੀਬ ਗੈਂਬੋਆ ਨੂੰ ਰਾਈਫਲ ਕੱਢਦੇ ਦੇਖਿਆ। ਗਵਾਹਾਂ ਨੇ ਕਿਹਾ ਕਿ ਜਦੋਂ ਦੋਵਾਂ ਨੇ ਗੈਂਬੋਆ ਨੂੰ ਰਾਈਫਲ ਕੱਢਣ ਬਾਰੇ ਪੁੱਛਿਆ, ਤਾਂ ਉਸਨੇ ਗੋਲੀ ਮਾਰਨ ਲਈ ਰਾਈਫਲ ਚੁੱਕੀ ਅਤੇ ਭੀੜ ਵੱਲ ਭੱਜਿਆ। ਇਸ ਤੋਂ ਬਾਅਦ ਉਹ ਵਿਅਕਤੀ, ਜਿਸਨੂੰ ਸ਼ਾਂਤੀ ਰੱਖਿਅਕ ਟੀਮ ਦਾ ਹਿੱਸਾ ਦੱਸਿਆ ਜਾਂਦਾ ਹੈ, ਨੇ ਗੈਂਬੋਆ ਨੂੰ ਗੋਲੀ ਮਾਰ ਦਿੱਤੀ, ਜਿਸ ਵਿਚ ਉਸਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਲੂ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਮੌਕੇ ਤੋਂ ਇੱਕ ਏ.ਆਰ.-15 ਰਾਈਫਲ, ਇੱਕ ਗੈਸ ਮਾਸਕ ਅਤੇ ਇੱਕ ਬੈਗ ਬਰਾਮਦ ਕੀਤਾ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਗੈਂਬੋਆ ਨੇ ਰਾਈਫਲ ਕਿਉਂ ਕੱਢੀ ਪਰ ਉਨ੍ਹਾਂ ਨੇ ਉਸ ‘ਤੇ ਇੱਕ ਖ਼ਤਰਨਾਕ ਸਥਿਤੀ ਪੈਦਾ ਕਰਨ ਦਾ ਦੋਸ਼ ਲਗਾਇਆ, ਜਿਸ ਕਾਰਨ ਲੂ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਸੈਂਕੜੇ ਪ੍ਰਦਰਸ਼ਨਕਾਰੀ ਇਧਰ-ਉਧਰ ਭੱਜਣ ਲੱਗੇ। ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਤਾਨਾਸ਼ਾਹੀ ਨੀਤੀਆਂ ਦੇ ਵਿਰੋਧ ਵਿਚ ਸ਼ਨੀਵਾਰ ਨੂੰ ਦੇਸ਼ ਭਰ ਵਿਚ ‘ਨੋ ਕਿੰਗਜ਼’ ਪ੍ਰਦਰਸ਼ਨ ਕੀਤੇ ਗਏ।
ਅਮਰੀਕਾ ‘ਚ ‘ਨੋ ਕਿੰਗਜ਼’ ਰੈਲੀ ‘ਚ ਹਿੰਸਾ ਦੌਰਾਨ 1 ਵਿਅਕਤੀ ਦੀ ਮੌਤ
