* ਮਨੁੱਖੀ ਹੱਕਾਂ ਬਾਰੇ ਐਸੋਸੀਏਸ਼ਨ ਨੇ ਘਟਨਾ ਨੂੰ ਸ਼ਰਮਨਾਕ ਤੇ ਜੰਗਲੀ ਕਰਾਰ ਦਿੱਤਾ
ਸੈਕਰਾਮੈਂਟੋ, 25 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ‘ਚ ਇਕ ਪੁਲਿਸ ਅਫਸਰ ਵੱਲੋਂ ਇਕ ਨਿਹੱਥੇ ਕਾਲੇ ਵਿਅਕਤੀ ਉਪਰ ਕੁੱਤਾ ਛੱਡਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਨੁੱਖੀ ਹੱਕਾਂ ਬਾਰੇ ਇਕ ਸੰਗਠਨ ਨੇ ਇਸ ਘਟਨਾ ਨੂੰ ਸ਼ਰਮਨਾਕ ਤੇ ਅਸੱਭਿਅਕ ਕਰਾਰ ਦਿੱਤਾ ਹੈ। ਓਹਾਇਓ ਸਟੇਟ ਹਾਈਵੇਅ ਪੈਟਰੋਲ ਵੱਲੋਂ ਜਾਰੀ ਇਕ ਵੀਡੀਓ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਇਕ ਅਫਸਰ ਨੇ ਇਕ ਕਮਰਸ਼ੀਅਲ ਸੈਮੀ ਟਰੱਕ ਨੂੰ ਜਾਂਚ ਵਾਸਤੇ ਰੋਕਣ ਦਾ ਯਤਨ ਕੀਤਾ ਪਰੰਤੂ ਉਹ ਨਹੀਂ ਰੁਕਿਆ। ਜੈਕਸਨ ਕਾਊਂਟੀ ਵਿਚ ਯੂ.ਐੱਸ. 35 ਉਪਰ ਵਾਪਰੀ ਇਸ ਘਟਨਾ ਵਿਚ ਪੁਲਿਸ ਤੇ ਲਾਅ ਇਨਫੋਰਸਮੈਂਟ ਦੀਆਂ ਗੱਡੀਆਂ ਵੱਲੋਂ ਲੰਬਾ ਸਮਾਂ ਸੈਮੀ ਟਰੱਕ ਦਾ ਪਿੱਛਾ ਕੀਤਾ ਗਿਆ ਤੇ ਆਖਰਕਾਰ ਟਰੱਕ ਖੜ੍ਹਾ ਹੋ ਗਿਆ ਤੇ ਉਸ ਵਿਚੋਂ ਜਾਡਾਰੀਅਸ ਰੋਸ ਨਾਮੀ 23 ਸਾਲਾ ਡਰਾਈਵਰ ਨਿਕਲਿਆ, ਜਿਸ ਨੇ ਆਪਣੇ ਹੱਥ ਉਪਰ ਕੀਤੇ ਹੋਏ ਸਨ। ਉਸ ਨੂੰ ਪੁਲਿਸ ਦੀਆਂ ਕਾਰਾਂ ਤੇ ਅਫਸਰਾਂ ਨੇ ਘੇਰਿਆ ਹੋਇਆ ਹੈ। ਡਰਾਈਵਰ ਨੂੰ ਇਕ ਪੁਲਿਸ ਅਫਸਰ ਜ਼ਮੀਨ ਉਪਰ ਲੇਟਣ ਲਈ ਕਹਿੰਦਾ ਹੈ। ਸਟੇਟ ਪੁਲਿਸ ਦੇ ਇਕ ਅਫਸਰ ਵੱਲੋਂ ਕੁੱਤਾ ਨਾ ਛੱਡਣ ਲਈ ਵਾਰ-ਵਾਰ ਕਹਿਣ ਦੇ ਬਾਵਜੂਦ ਮੌਕੇ ‘ਤੇ ਪੁੱਜੇ ਇਕ ਸਿਰਕਲਵਿਲੇ ਕੇ-9 ਅਫਸਰ ਵੱਲੋਂ ਕੁੱਤਾ ਛੱਡ ਦਿੱਤਾ ਜਾਂਦਾ ਹੈ, ਜੋ ਡਰਾਈਵਰ ਉਪਰ ਹਮਲਾ ਕਰ ਦਿੰਦਾ ਹੈ ਤੇ ਉਸ ਨੂੰ ਜ਼ਖਮੀ ਕਰ ਦਿੰਦਾ ਹੈ। ਬਾਅਦ ਵਿਚ ਪੁਲਿਸ ਅਫਸਰ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਮੁੱਢਲੀ ਸਹਾਇਤਾ ਦਿੰਦੇ ਹਨ। ਮਨੁੱਖੀ ਹੱਕਾਂ ਬਾਰੇ ਸੰਗਠਨ ‘ਨੈਸ਼ਨਲ ਐਸੋਸੀਏਸ਼ਨ ਫਾਰ ਦਾ ਐਡਵਾਂਸਮੈਂਟ ਆਫ ਕਲਰਡ ਪੀਓਪਲ’ ਨੇ ਇਸ ਘਟਨਾ ਨੂੰ ਅੱਤ ਸ਼ਰਮਨਾਕ ਕਰਾਰ ਦਿੱਤਾ ਹੈ। ਐਸੋਸੀਏਸ਼ਨ ਦੇ ਕੋਲੰਬਸ ਬਰਾਂਚ ਦੇ ਪ੍ਰਧਾਨ ਨਾਨਾ ਵਾਟਸਨ ਨੇ ਕਿਹਾ ਹੈ ਕਿ ਇਸ ਕਿਸਮ ਦੇ ਜੰਗਲੀ ਵਿਵਹਾਰ ਤੋਂ 1960ਵਿਆਂ ਵਿਚ ਦੱਖਣ ਵਿਚ ਵਾਪਰੀਆਂ ਭਿਆਨਕ ਘਟਨਾਵਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਜਦੋਂ ਮਨੁੱਖੀ ਹੱਕਾਂ ਬਾਰੇ ਕਾਰਕੁੰਨਾਂ ਉਪਰ ਕੁੱਤੇ ਛੱਡੇ ਗਏ ਸਨ। ਵਾਟਸਨ ਨੇ ਕਿਹਾ ਹੈ ਕਿ ਇਕ ਨਿਹੱਥੇ ਕਾਲੇ ਵਿਅਕਤੀ ਨਾਲ ਕੀਤੇ ਵਿਵਹਾਰ ਤੋਂ ਅਨਿਆਂ ਤੇ ਭੇਦਭਾਵ ਦੀ ਝਲਕ ਵੀ ਮਿਲਦੀ ਹੈ। ਵਾਟਸਨ ਨੇ ਆਸ ਪ੍ਰਗਟਾਈ ਹੈ ਕਿ ਸਮੁੱਚੀ ਘਟਨਾ ਦੀ ਜਾਂਚ ਉਪਰੰਤ ਨਿਆਂ ਹੋਵੇਗਾ ਤੇ ਕਸੂਰਵਾਰ ਪੁਲਿਸ ਅਫਸਰ ਵਿਰੁੱਧ ਕਾਰਵਾਈ ਹੋਵੇਗੀ। ਡਰਾਈਵਰ ਨੂੰ ਰੋਸ ਕਾਊਂਟੀ ਜੇਲ੍ਹ ਵਿਚ ਲਿਜਾਇਆ ਗਿਆ ਹੈ।