#AMERICA

ਅਮਰੀਕਾ ‘ਚ ਨਾਬਾਲਿਗ ਨਾਲ ਮੋਟਲ ‘ਚ ਗਏ ਗੁਜਰਾਤੀ ਡਾ. ਦੀਪਕ ਪਟੇਲ ਬਾਂਡ ‘ਤੇ ਰਿਹਾਅ

ਨਿਊਯਾਰਕ, 25 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- 11 ਮਾਰਚ ਨੂੰ ਗ੍ਰਿਫਤਾਰ ਕੀਤੇ ਗਏ ਭਾਰਤੀ ਗੁਜਰਾਤੀ ਡਾ. ਦੀਪਕ ਪਟੇਲ ਨੂੰ 18 ਮਾਰਚ ਨੂੰ 5,000 ਹਜ਼ਾਰ ਡਾਲਰ ਦੇ ਬਾਂਡ ‘ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ, ਪਰ ਡਾਕਟਰ ਦੀ ਨੌਕਰੀ ਵੀ ਚਲੀ ਗਈ ਹੈ। ਵਰਜੀਨੀਆ ਸੂਬੇ ਵਿਚ ਪ੍ਰੈਕਟਿਸ ਕਰ ਰਹੇ ਗੁਜਰਾਤੀ ਡਾ. ਦੀਪਕ ਪਟੇਲ ਨੂੰ ਗੰਭੀਰ ਦੋਸ਼ਾਂ ‘ਚ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਨੇ ਬਾਂਡ ‘ਤੇ ਰਿਹਾਅ ਕਰ ਦਿੱਤਾ ਹੈ। ਗੁਜਰਾਤੀ ਮੂਲ ਦਾ ਡਾਕਟਰ ਦੀਪਕ ਪਟੇਲ, ਇੱਕ ਨਾਬਾਲਿਗ ਨੂੰ ਇੱਕ ਮੋਟਲ ਵਿਚ ਲਿਜਾਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਸੀ ਅਤੇ ਪੇਸ਼ੇ ਤੋਂ ਬਾਲ ਰੋਗਾਂ ਦਾ ਡਾਕਟਰ ਸੀ। ਡਾ. ਦੀਪਕ ਪਟੇਲ ਨੂੰ ਵਰਜੀਨੀਆ ਰਾਜ ਦੀ ਕਲਿਪਰ ਪੁਲਿਸ ਨੇ 11 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ, ਅਤੇ ਇਸ ਸਮੇਂ ਉਸਨੂੰ ਬਾਲ ਅਤੇ ਘਰੇਲੂ ਸਬੰਧਤ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਡਾ. ਦੀਪਕ ਪਟੇਲ ਨੂੰ 18 ਮਾਰਚ ਨੂੰ 5,000 ਡਾਲਰ ਦੇ ਬਾਂਡ ‘ਤੇ ਰਿਹਾਅ ਕੀਤਾ ਗਿਆ, ਜਿਸ ਦੀ ਅਗਲੀ ਸੁਣਵਾਈ ਹੁਣ 9 ਅਪ੍ਰੈਲ ਨੂੰ ਹੋਣੀ ਹੈ। ਡਾ. ਪਟੇਲ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ। ਪਰ ਉਸ ‘ਤੇ ਤਿੰਨ ਵੱਖ-ਵੱਖ ਦੋਸ਼ ਲਗਾਏ ਗਏ ਹਨ, ਜੋ ਗੰਭੀਰ ਸ਼੍ਰੇਣੀ ਦੇ ਅਧੀਨ ਆਉਂਦੇ ਹਨ। ਪਹਿਲਾਂ ਇਹ ਜਾਣਿਆ ਜਾਂਦਾ ਸੀ ਕਿ ਡਾ. ਦੀਪਕ ਪਟੇਲ ਇਕ ਲੜਕੀ ਨਾਲ ਮੋਟਲ ‘ਤੇ ਗਿਆ ਸੀ ਪਰ ਅਦਾਲਤ ‘ਚ ਪੇਸ਼ ਦਸਤਾਵੇਜ਼ਾਂ ਦੇ ਮੁਤਾਬਕ ਇਸ ਮਾਮਲੇ ‘ਚ ਪੀੜਤ 16 ਸਾਲਾ ਦਾ ਲੜਕਾ ਹੈ, ਜਿਸ ਨਾਲ ਡਾ. ਪਟੇਲ ਨਾਲ ਪਹਿਲੀ ਵਾਰ ਲੰਘੇ ਸਾਲ ਅਕਤੂਬਰ 2023 ਵਿਚ ਸੰਪਰਕ ਕੀਤਾ ਗਿਆ ਸੀ। ਅਤੇ ਇੱਕ ਦੂਜੇ ਨੂੰ ਵਿਅਕਤੀਗਤ ਰੂਪ ਵਿਚ ਮਿਲਣ ਤੋਂ ਪਹਿਲਾਂ, ਡਾ. ਪਟੇਲ ਅਤੇ ਪੀੜਤ ਵਟਸਅਪ ਰਾਹੀਂ ਸੰਪਰਕ ਵਿਚ ਰਹੇ ਅਤੇ ਦਸੰਬਰ 2023 ਵਿਚ ਪਹਿਲੀ ਵਾਰ ਮਿਲੇ। ਡਾ: ਪਟੇਲ ਨੂੰ ਹੁਣ ਸ਼ਰਤਾਂ ਅਧੀਨ ਬਾਂਡ ‘ਤੇ ਰਿਹਾਅ ਕੀਤਾ ਗਿਆ ਹੈ, ਜਿਸ ਅਨੁਸਾਰ ਉਸ ਨੂੰ ਪੀੜਤ ਤੋਂ 300 ਫੁੱਟ ਦੀ ਦੂਰੀ ‘ਤੇ ਰਹਿਣਾ, ਕੋਈ ਹਥਿਆਰ ਨਹੀਂ ਰੱਖਣਾ, ਸ਼ਰਾਬ ਅਤੇ ਨਸ਼ੇ ਤੋਂ ਦੂਰ ਰਹਿਣਾ ਹੈ। ਇੰਨਾ ਹੀ ਨਹੀਂ, ਅਦਾਲਤ ਨੇ ਹੁਕਮ ਸੁਣਾਇਆ ਕਿ ਡਾ. ਪਟੇਲ 21 ਸਾਲ ਤੋਂ ਵੱਧ ਦੀ ਉਮਰ ਦੇ ਵਿਅਕਤੀ ਦੀ ਨਿਗਰਾਨੀ ਹੇਠ ਹੀ ਮੋਬਾਈਲ ਫ਼ੋਨ ਅਤੇ ਕੰਪਿਊਟਰ ਦੀ ਵਰਤੋਂ ਕਰ ਸਕਣਗੇ। ਹਾਲਾਂਕਿ ਇਹ ਸ਼ਰਤ ਉਦੋਂ ਲਾਗੂ ਨਹੀਂ ਹੋਵੇਗੀ, ਜਦੋ ਉਹ ਆਪਣੇ ਵਕੀਲ ਨਾਲ ਫੋਨ ‘ਤੇ ਗੱਲ ਕਰ ਰਿਹਾ ਹੋਵੇਗਾ।