#AMERICA

ਅਮਰੀਕਾ ‘ਚ ਧੀ ਦੀ ਹੱਤਿਆ ਦੇ ਮਾਮਲੇ ‘ਚ ਪਿਤਾ ਨੂੰ ਹੋਈ 56 ਸਾਲ ਦੀ Jail

ਸੈਕਰਾਮੈਂਟੋ, 14 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਨਿਊ ਹੈਂਪਸ਼ਾਇਰ ਰਾਜ ਦੇ ਇਕ ਵਿਅਕਤੀ ਨੂੰ ਆਪਣੀ 5 ਸਾਲਾਂ ਦੀ ਧੀ ਹਾਰਮਨੀ ਮੌਂਟਗੋਮਰੀ ਦੀ ਹੱਤਿਆ ਸਮੇਤ ਵੱਖ-ਵੱਖ ਦੋਸ਼ਾਂ ਤਹਿਤ ਅਦਾਲਤ ਨੇ 56 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਐਡਮ ਮੌਂਟਗੋਮਰੀ ਨਾਮੀ ਵਿਅਕਤੀ ਨੂੰ ਇਸ ਸਾਲ ਫਰਵਰੀ ‘ਚ 2019 ਵਿਚ ਉਸ ਦੀ ਧੀ ਹਾਰਮਨੀ ਮੌਂਟਗੋਮਰੀ ਦੀ ਹੋਈ ਮੌਤ ਦੇ ਮਾਮਲੇ ਵਿਚ ਦੂਸਰਾ ਦਰਜਾ ਹੱਤਿਆ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਾਰਮਨੀ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ 2021 ਵਿਚ ਲਿਖਾਈ ਗਈ ਸੀ। ਅਦਾਲਤ ਨੇ ਐਡਮ ਮੌਂਟਗੁਮਰੀ ਨੂੰ ਹੱਤਿਆ ਲਈ 45 ਸਾਲ ਤੋਂ ਜੀਵਨ ਭਰ ਲਈ ਕੈਦ, ਹਮਲਾ ਕਰਨ ਲਈ 4 ਤੋਂ 8 ਸਾਲ, ਸਬੂਤਾਂ ਨਾਲ ਛੇੜਛਾੜ ਕਰਨ ਲਈ 3.5 ਸਾਲ ਤੋਂ 7 ਸਾਲ ਤੇ ਝੂਠੇ ਸਬੂਤ ਪੇਸ਼ ਕਰਨ ਲਈ 3.5 ਤੋਂ 7 ਸਾਲ ਕੈਦ ਦੀ ਸਜ਼ਾ ਸੁਣਾਈ। ਇਸ ਦਾ ਮਤਲਬ ਹੈ ਕਿ ਉਸ ਨੂੰ ਘੱਟੋ-ਘੱਟ 56 ਸਾਲ ਜੇਲ੍ਹ ਵਿਚ ਕੱਟਣੇ ਪੈਣਗੇ। ਹਾਰਮਨੀ ਦੀ ਮਾਂ ਨੇ ਆਖਰੀ ਵਾਰ ਉਸ ਨਾਲ ਗਰਮ ਰੁੱਤ ਦੌਰਾਨ 2019 ‘ਚ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਉਹ ਉਸ ਨਾਲ ਸੰਪਰਕ ਕਾਇਮ ਕਰਨ ਵਿਚ ਨਾਕਾਮ ਰਹੀ। ਇਸਤਗਾਸਾ ਪੱਖ ਅਨੁਸਾਰ ਮੌਂਟਗੁਮਰੀ ਵੱਲੋਂ ਕੁੱਟਮਾਰ ਕਰਨ ਕਾਰਨ 7 ਦਸੰਬਰ, 2019 ਨੂੰ ਹਾਰਮਨੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ 2 ਸਾਲ ਤੋਂ ਵਧ ਸਮਾਂ ਹਾਰਮਨੀ ਦੇ ਥਹੁ-ਪਤੇ ਬਾਰੇ ਝੂਠ ਬੋਲਦਾ ਰਿਹਾ।