– 2021 ਦੌਰਾਨ ਧਰਮ ਨਾਲ ਸਬੰਧਤ 1005 ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਹੋਈਆਂ
ਸੈਕਰਾਮੈਂਟੋ, 1 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਯਹੂਦੀਆਂ ਤੋਂ ਬਾਅਦ ਸਿੱਖ ਭਾਈਚਾਰਾ ਸਭ ਤੋਂ ਵਧ ਧਰਮ ਆਧਾਰਿਤ ਨਫ਼ਰਤੀ ਅਪਰਾਧ ਦਾ ਸ਼ਿਕਾਰ ਬਣੇ ਹਨ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2021 ਦੌਰਾਨ ਧਰਮ ਨਾਲ ਸਬੰਧਤ 1005 ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਹੋਈਆਂ, ਜੋ ਸਮੁੱਚੇ ਤੌਰ ‘ਤੇ ਵਾਪਰੀਆਂ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਦਾ 14.2% ਹਨ। ਧਰਮ ਆਧਾਰਿਤ ਸਭ ਤੋਂ ਵਧ 31.9% ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਯਹੂਦੀਆਂ ਵਿਰੁੱਧ ਵਾਪਰੀਆਂ। ਦੂਸਰਾ ਸਥਾਨ ਸਿੱਖਾਂ ਦਾ ਆਉਂਦਾ ਹੈ, ਜਿਨ੍ਹਾਂ ਵਿਰੁੱਧ 21.3% ਧਰਮ ਆਧਾਰਿਤ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਹੋਈਆਂ। ਮੁਸਲਮਾਨਾਂ ਵਿਰੁੱਧ 9.5% ਧਰਮ ਆਧਾਰਿਤ ਨਫ਼ਰਤੀ ਅਪਰਾਧ ਹੋਏ। ਇਸ ਤੋਂ ਬਾਅਦ ਕੈਥੋਲਿਕ ਭਾਈਚਾਰਾ ਆਉਂਦਾ ਹੈ, ਜਿਨ੍ਹਾਂ ਵਿਰੁੱਧ 6.1% ਨਫ਼ਰਤੀ ਅਪਰਾਧ ਹੋਏ। ਲਾਅ ਇਨਫੋਰਸਮੈਂਟ ਏਜੰਸੀਆਂ ਅਨੁਸਾਰ ਸਮੁੱਚੇ ਤੌਰ ‘ਤੇ 7262 ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ 9024 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਸਮਾਜ ਵਿਚ ਧਰਮ, ਜਾਤ ਜਾਂ ਨਸਲ ਆਧਾਰਿਤ ਨਫ਼ਰਤੀ ਅਪਰਾਧ ਨਿਰੰਤਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। 64.8% ਲੋਕਾਂ ਨੂੰ ਉਨ੍ਹਾਂ ਦੀ ਨਸਲ, ਜਾਤ ਜਾਂ ਵੰਸ਼ ਕਾਰਨ ਨਿਸ਼ਾਨਾ ਬਣਾਇਆ ਗਿਆ। ਕਾਲੇ ਜਾਂ ਅਫਰੀਕੀ ਮੂਲ ਦੇ ਅਮਰੀਕੀ ਸਭ ਤੋਂ ਵਧ ਨਫ਼ਰਤੀ ਅਪਰਾਧ ਦਾ ਸ਼ਿਕਾਰ ਬਣੇ ਹਨ। 2021 ਦੌਰਾਨ ਇਨ੍ਹਾਂ ਵਿਰੁੱਧ 63.2% ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਾਪਰੀਆਂ, ਜਦਕਿ ਏਸ਼ੀਅਨ ਮੂਲ ਦੇ ਅਮਰੀਕੀਆਂ ਵਿਰੁੱਧ 4.3% ਘਟਨਾਵਾਂ ਹੋਈਆਂ।