#INDIA

ਅਮਰੀਕਾ ‘ਚ ਤਿਲੰਗਾਨਾ ਦੇ ਨੌਜਵਾਨ ਦੀ ਮੌਤ

ਪਰਿਵਾਰ ਨੇ ਲਾਸ਼ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ
ਹੈਦਰਾਬਾਦ, 17 ਅਗਸਤ (ਪੰਜਾਬ ਮੇਲ)- ਤਿਲੰਗਾਨਾ ਦੇ ਹਨਮਕੋਂਡਾ ਜ਼ਿਲ੍ਹੇ ਦੇ 32 ਸਾਲਾ ਵਿਅਕਤੀ ਦੀ ਅਮਰੀਕਾ ਵਿਚ ਮੌਤ ਹੋ ਗਈ ਤੇ ਉਸ ਦੇ ਪਰਿਵਾਰ ਨੇ ਕੇਂਦਰ ਅਤੇ ਤਿਲੰਗਾਨਾ ਸਰਕਾਰਾਂ ਨੂੰ ਲਾਸ਼ ਘਰ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਰਾਜੇਸ਼ ਦੀ ਮਿਸੀਸਿਪੀ ਅਮਰੀਕਾ ਵਿਚ ਮੌਤ ਹੋ ਗਈ ਸੀ ਅਤੇ ਅਮਰੀਕਾ ਵਿਚ ਰਹਿ ਰਹੇ ਉਸ ਦੇ ਕੁਝ ਦੋਸਤਾਂ ਨੇ ਵੀਰਵਾਰ ਨੂੰ ਉਸ ਦੀ ਮੌਤ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਮੌਤ 14 ਅਗਸਤ ਨੂੰ ਹੋਈ ਸੀ। ਮੌਤ ਦੇ ਕਾਰਨ ਦਾ ਹਾਲੇ ਸਪਸ਼ਟ ਪਤਾ ਨਹੀਂ ਲੱਗਿਆ। ਰਾਜੇਸ਼ ਦੀ ਮੌਤ ਕਾਰਨ ਉਸ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰ ਦੁਖੀ ਹਨ। ਹਨਮਕੋਂਡਾ ਤੋਂ ਐੱਮ ਫਾਰਮਾ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਾਜੇਸ਼ 2016 ਵਿਚ ਉੱਚ ਪੜ੍ਹਾਈ ਲਈ ਅਮਰੀਕਾ ਗਿਆ ਸੀ। ਉਸ ਨੇ ਆਪਣੀ ਐੱਮ.ਐੱਸ. ਕੀਤੀ ਅਤੇ ਉਥੇ ਨੌਕਰੀ ਵੀ ਕੀਤੀ ਪਰ ਬਾਅਦ ਵਿਚ ਕੋਵਿਡ ਮਹਾਂਮਾਰੀ ਦੌਰਾਨ ਉਸ ਦੀ ਨੌਕਰੀ ਚਲੀ ਗਈ। ਪਤਾ ਲੱਗਾ ਹੈ ਕਿ ਉਹ ਹੁਣ ਕੁਝ ਪਾਰਟ-ਟਾਈਮ ਨੌਕਰੀਆਂ ਕਰ ਰਿਹਾ ਸੀ।