ਚੀਨੀ ਕੰਪਨੀ ਨੇ ਅਮਰੀਕੀ ਦਿੱਗਜਾਂ ਨਾਲ ਮਿਲਾਇਆ ਹੱਥ
ਵਾਸ਼ਿੰਗਟਨ, 23 ਜਨਵਰੀ (ਪੰਜਾਬ ਮੇਲ)- ਕਰੋੜਾਂ ਟਿਕਟਾਕ ਵਰਤੋਂਕਾਰਾਂ ਲਈ ਰਾਹਤ ਦੀ ਖ਼ਬਰ ਹੈ। ਅਮਰੀਕਾ ਵਿਚ ਠਿਕਠੋਕ ‘ਤੇ ਲੱਗਣ ਵਾਲੀ ਪਾਬੰਦੀ ਦਾ ਖ਼ਤਰਾ ਹੁਣ ਟਲ ਗਿਆ ਹੈ। ਟਿਕਟਾਕ ਨੇ ਇੱਕ ਨਵੀਂ ਅਮਰੀਕੀ ਇਕਾਈ ਬਣਾਉਣ ਲਈ ਵੱਡਾ ਸੌਦਾ ਫਾਈਨਲ ਕਰ ਲਿਆ ਹੈ। ਇਸ ਨਵੇਂ ਸਮਝੌਤੇ ਤਹਿਤ ਟਿਕਟਾਕ ਹੁਣ ਅਮਰੀਕੀ ਨਿਵੇਸ਼ਕਾਂ ਨਾਲ ਮਿਲ ਕੇ ਕੰਮ ਕਰੇਗਾ, ਜਿਸ ਨਾਲ 20 ਕਰੋੜ ਤੋਂ ਵੱਧ ਅਮਰੀਕੀ ਵਰਤੋਂਕਾਰ ਬਿਨਾਂ ਕਿਸੇ ਰੁਕਾਵਟ ਦੇ ਇਸ ਐਪ ਦੀ ਵਰਤੋਂ ਕਰ ਸਕਣਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਦੀ ਸ਼ਲਾਘਾ ਕਰਦਿਆਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਟਰੰਪ ਨੇ ਚੀਨੀ ਨੇਤਾ ਸ਼ੀ ਜਿਨਪਿੰਗ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਸਮਝੌਤੇ ਨੂੰ ਪ੍ਰਵਾਨਗੀ ਦੇਣ ਲਈ ਅਮਰੀਕਾ ਨਾਲ ਮਿਲ ਕੇ ਕੰਮ ਕੀਤਾ ਹੈ। ਟਰੰਪ ਨੇ ਉਮੀਦ ਜਤਾਈ ਕਿ ਟਿਕਟਾਕ ਦੀ ਵਰਤੋਂ ਕਰਨ ਵਾਲੇ ਲੋਕ ਭਵਿੱਖ ਵਿਚ ਉਨ੍ਹਾਂ ਨੂੰ ਇਸ ਕਦਮ ਲਈ ਯਾਦ ਰੱਖਣਗੇ।
ਟਿੱਕਟੌਕ ਨੇ ਇਸ ਨਵੇਂ ‘ਟਿੱਕਟੌਕ ਯੂ.ਐੱਸ.’ ਸਾਂਝੇ ਉੱਦਮ ਲਈ ਓਰੇਕਲ, ਸਿਲਵਰ ਲੇਕ ਅਤੇ ਸੰਯੁਕਤ ਅਰਬ ਅਮੀਰਾਤ ਦੀ ਨਿਵੇਸ਼ ਫਰਮ ਐੱਮ.ਜੀ.ਐਕਸ. ਨਾਲ ਸਮਝੌਤੇ ਕੀਤੇ ਹਨ। ਇਸ ਨਵੀਂ ਕੰਪਨੀ ਵਿਚ ਓਰੇਕਲ, ਸਿਲਵਰ ਲੇਕ ਅਤੇ ਐੱਮ.ਜੀ.ਐਕਸ. ਦੀ 15-15 ਫੀਸਦੀ ਹਿੱਸੇਦਾਰੀ ਹੋਵੇਗੀ, ਜਦਕਿ ਮੂਲ ਕੰਪਨੀ ਬਾਈਟਡਾਂਸ ਕੋਲ 19.9 ਫੀਸਦੀ ਹਿੱਸਾ ਰਹੇਗਾ। ਡੈੱਲ ਟੈਕਨਾਲੋਜੀਜ਼ ਦੇ ਸੰਸਥਾਪਕ ਮਾਈਕਲ ਡੈੱਲ ਵੀ ਇਸ ਵਿਚ ਨਿਵੇਸ਼ਕ ਵਜੋਂ ਸ਼ਾਮਲ ਹਨ।
ਇਹ ਨਵੀਂ ਕੰਪਨੀ ਅਮਰੀਕੀ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਸੁਰੱਖਿਆ ਨਿਯਮਾਂ ਤਹਿਤ ਕੰਮ ਕਰੇਗੀ। ਅਮਰੀਕੀ ਉਪਭੋਗਤਾਵਾਂ ਦਾ ਡਾਟਾ ਸਥਾਨਕ ਪੱਧਰ ‘ਤੇ ਓਰੇਕਲ ਦੁਆਰਾ ਚਲਾਏ ਜਾਂਦੇ ਸਿਸਟਮ ਵਿਚ ਸਟੋਰ ਕੀਤਾ ਜਾਵੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟਿਕਟਾਕ ਦੇ ਐਲਗੋਰਿਦਮ ਨੂੰ ਅਮਰੀਕੀ ਡਾਟਾ ਦੇ ਆਧਾਰ ‘ਤੇ ਦੁਬਾਰਾ ਸਿਖਲਾਈ ਦਿੱਤੀ ਜਾਵੇਗੀ ਅਤੇ ਅਪਡੇਟ ਕੀਤਾ ਜਾਵੇਗਾ। ਹਾਲਾਂਕਿ ਬਾਈਟਡਾਂਸ ਇਸ ਐਲਗੋਰਿਦਮ ਦਾ ਲਾਇਸੈਂਸ ਦੇਵੇਗੀ, ਪਰ ਅਮਰੀਕੀ ਕੰਪਨੀ ਇਸ ਦੀ ਸੁਰੱਖਿਆ ਅਤੇ ਸਮੱਗਰੀ ਦੀ ਨਿਗਰਾਨੀ ਲਈ ਜ਼ਿੰਮੇਵਾਰ ਹੋਵੇਗੀ।
ਨਵੀਂ ਕੰਪਨੀ ਦੀ ਕਮਾਨ ਐਡਮ ਪ੍ਰੈਸਰ ਦੇ ਹੱਥਾਂ ਵਿਚ ਹੋਵੇਗੀ, ਜੋ ਇਸ ਦੇ ਸੀ.ਈ.ਓ. ਵਜੋਂ ਕੰਮ ਕਰਨਗੇ। ਕੰਪਨੀ ਦਾ ਬੋਰਡ ਆਫ਼ ਡਾਇਰੈਕਟਰਜ਼ ਸੱਤ ਮੈਂਬਰੀ ਹੋਵੇਗਾ, ਜਿਸ ਵਿਚ ਬਹੁਗਿਣਤੀ ਅਮਰੀਕੀਆਂ ਦੀ ਹੋਵੇਗੀ ਅਤੇ ਇਸ ਵਿਚ ਟਿਕਟਾਕ ਦੇ ਮੌਜੂਦਾ ਸੀ.ਈ.ਓ. ਸ਼ੌ ਚਿਊ ਵੀ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਜੋਅ ਬਾਇਡਨ ਦੇ ਕਾਰਜਕਾਲ ਦੌਰਾਨ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ, ਜਿਸ ਤਹਿਤ ਜਨਵਰੀ 2025 ਤੱਕ ਟਿਕਟਾਕ ਨੂੰ ਕਿਸੇ ਅਮਰੀਕੀ ਕੰਪਨੀ ਨੂੰ ਵੇਚਣਾ ਲਾਜ਼ਮੀ ਸੀ, ਨਹੀਂ ਤਾਂ ਇਸ ‘ਤੇ ਪਾਬੰਦੀ ਲੱਗ ਸਕਦੀ ਸੀ। ਕੁਝ ਘੰਟਿਆਂ ਲਈ ਇਹ ਐਪ ਬੰਦ ਵੀ ਹੋਈ। ਹਾਲਾਂਕਿ, ਰਾਸ਼ਟਰਪਤੀ ਟਰੰਪ ਨੇ ਅਹੁਦਾ ਸੰਭਾਲਦਿਆਂ ਹੀ ਪਹਿਲੇ ਦਿਨ ਕਾਰਜਕਾਰੀ ਹੁਕਮ ਜਾਰੀ ਕਰਕੇ ਇਸ ਨੂੰ ਚਾਲੂ ਰੱਖਿਆ ਅਤੇ ਇਸ ਨਵੀਂ ਡੀਲ ਦਾ ਰਸਤਾ ਸਾਫ਼ ਕੀਤਾ।
ਅਮਰੀਕਾ ‘ਚ ਟਿਕਟਾਕ ਦੀ ਹੋਈ ਵਾਪਸੀ!

