ਨਵੀਂ ਦਿੱਲੀ, 7 ਫਰਵਰੀ (ਪੰਜਾਬ ਮੇਲ)- ਭਾਰਤੀ ਮੂਲ ਦੀ ਸਿਆਟਲ ਸਿਟੀ ਕੌਂਸਲ ਮੈਂਬਰ ਕਸ਼ਮਾ ਸਾਵੰਤ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਭਾਰਤ ਫੇਰੀ ਵਾਸਤੇ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਗ਼ੌਰਤਲਬ ਹੈ ਕਿ ਉਸ ਨੇ ਅਮਰੀਕਾ ਦੇ ਵਾਸ਼ਿੰਗਟਲ ਸੂਬੇ ਵਿਚ ਜਾਤੀ ਭੇਦਭਾਵ ਨੂੰ ਖਤਮ ਕਰਨ ਲਈ ਇੱਕ ਕਾਨੂੰਨ ਪਾਸ ਕਰਵਾਇਆ ਸੀ।
ਉਸ ਨੇ ਕਿਹਾ ਕਿ ਇਸ ਕਾਰਨ ਉਸ ਨੂੰ ਭਾਰਤ ਸਰਕਾਰ ਦੀ ‘ਵੀਜ਼ਾ ਨਾ ਦੇਣ’ ਵਾਲੀ ਸੂਚੀ ਵਿਚ ਰੱਖਿਆ ਗਿਆ ਹੈ। ਉਸ ਨੂੰ ਬੀਤੇ ਸਾਲ ਤੋਂ ਤੀਜੀ ਵਾਰ ਵੀਜ਼ਾ ਦੇਣ ਤੋਂ ਨਾਂਹ ਕੀਤੀ ਗਈ ਹੈ।
ਭਾਰਤ ਦੇ ਸਿਆਟਲ ਸਥਿਤ ਕੌਂਸਲਖ਼ਾਨੇ ਦੀ ਇਸ ਕਾਰਵਾਈ ਖ਼ਿਲਾਫ਼ ਸਾਵੰਤ ਅਤੇ ਉਸਦੀ ਸੰਸਥਾ ‘ਵਰਕਰਜ਼ ਸਟ੍ਰਾਈਕ ਬੈਕ’ ਦੇ ਮੈਂਬਰਾਂ ਨੇ ਭਾਰਤੀ ਕੌਂਸਲੇਟ ਵਿਖੇ ਧਰਨਾ ਦਿੱਤਾ। ਮੁਜ਼ਾਹਰਾਕਾਰੀਆਂ ਨੇ ਇਸ ਪ੍ਰਦਰਸ਼ਨ ਨੂੰ ‘ਸ਼ਾਂਤਮਈ ਸਿਵਲ ਅਵੱਗਿਆ’ ਕਰਾਰ ਦਿੱਤਾ।
ਦੂਜੇ ਪਾਸੇ ਭਾਰਤੀ ਕੌਂਸਲਖ਼ਾਨੇ ਦੇ ਅਧਿਕਾਰੀਆਂ ਨੇ ਵਿਰੋਧ ਪ੍ਰਦਰਸ਼ਨ ਨਾਲ ਸਿੱਝਣ ਲਈ ਸਥਾਨਕ ਪੁਲਿਸ ਨੂੰ ਬੁਲਾ ਲਿਆ।
ਬੀਬੀ ਸਾਵੰਤ ਨੇ ‘ਐਕਸ’ ਉਤੇ ਪਾਈ ਇਕ ਪੋਸਟ ਵਿਚ ਕੀਤਾ, ”ਮੈਂ ਅਤੇ ਮੇਰੇ ਪਤੀ ਸਿਆਟਲ ਸਥਿਤ ਭਾਰਤੀ ਕੌਂਸਲੇਟ ਵਿਚ ਹਾਂ। ਉਨ੍ਹਾਂ ਨੇ ਮੇਰੀ ਮਾਂ ਦੇ ਬਹੁਤ ਬਿਮਾਰ ਹੋਣ ਕਾਰਨ ਉਨ੍ਹਾਂ ਨੂੰ ਤਾਂ ਐਮਰਜੈਂਸੀ ਵੀਜ਼ਾ ਦੇ ਦਿੱਤਾ, ਪਰ ਮੇਰਾ ਵੀਜ਼ਾ ਰੱਦ ਕਰ ਦਿੱਤਾ, ਸਾਫ਼ ਕਿਹਾ ਕਿ ਮੇਰਾ ਨਾਮ ‘ਰੱਦ ਸੂਚੀ’ ਵਿਚ ਹੈ।”
ਉਸ ਨੇ ਕਿਹਾ, ”ਉਹ ਇਸ ਬਾਰੇ ਸਪੱਸ਼ਟੀਕਰਨ ਦੇਣ ਤੋਂ ਇਨਕਾਰ ਕਰ ਰਹੇ ਹਨ ਕਿ ਕਿਉਂ। ਅਸੀਂ ਜਾਣ ਤੋਂ ਇਨਕਾਰ ਕਰ ਰਹੇ ਹਾਂ। ਉਹ ਸਾਡੇ ‘ਤੇ ਪੁਲਿਸ ਬੁਲਾਉਣ ਦੀ ਧਮਕੀ ਦੇ ਰਹੇ ਹਨ।”
ਸਿਆਟਲ ਸਥਿਤ ਭਾਰਤੀ ਕੌਂਸਲੇਟ ਨੇ ਐਕਸ ‘ਤੇ ਇਸ ਸਬੰਧੀ ਆਪਣਾ ਪੱਖ ਪੋਸਟ ਕਰਦੇ ਹੋਏ ਕਿਹਾ, ”ਕੌਂਸਲੇਟ ਨੂੰ ਦਫਤਰੀ ਸਮੇਂ ਤੋਂ ਬਾਅਦ ਕੁਝ ਵਿਅਕਤੀਆਂ ਦੁਆਰਾ ਕੌਂਸਲੇਟ ਅਹਾਤੇ ਵਿਚ ਅਣਅਧਿਕਾਰਤ ਦਾਖ਼ਲੇ ਕਾਰਨ ਪੈਦਾ ਹੋਈ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨਾਲ ਨਜਿੱਠਣ ਲਈ ਮਜਬੂਰ ਹੋਣਾ ਪਿਆ ਸੀ।”
ਕੌਂਸਲਖ਼ਾਨੇ ਨੇ ਹੋਰ ਕਿਹਾ, ”ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਇਨ੍ਹਾਂ ਲੋਕਾਂ ਨੇ ਕੌਂਸਲੇਟ ਅਹਾਤੇ ਤੋਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕੌਂਸਲੇਟ ਸਟਾਫ ਨਾਲ ਹਮਲਾਵਰ ਅਤੇ ਧਮਕੀ ਭਰਿਆ ਵਿਵਹਾਰ ਕੀਤਾ। ਸਾਨੂੰ ਸਥਿਤੀ ਨਾਲ ਸਿੱਝਣ ਲਈ ਸਬੰਧਤ ਸਥਾਨਕ ਅਧਿਕਾਰੀਆਂ ਨੂੰ ਬੁਲਾਉਣ ਲਈ ਮਜਬੂਰ ਹੋਣਾ ਪਿਆ। ਘੁਸਪੈਠ ਕਰਨ ਵਾਲਿਆਂ ਵਿਰੁੱਧ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।”
ਸਾਵੰਤ ਨੇ ਇੱਕ ਹੋਰ ਐਕਸ ਪੋਸਟ ਵਿਚ ਕੀਤਾ, ”ਇੱਕ ਕੌਂਸਲਰ ਅਧਿਕਾਰੀ ਨੇ ਕਿਹਾ ਕਿ ਮੈਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਮੋਦੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਸਰਕਾਰ ਦੀ ‘ਰੱਦ ਸੂਚੀ’ ਵਿਚ ਹਾਂ।”
ਉਸ ਨੇ ਕਿਹਾ ਕਿ ਸਿਆਟਲ ਸਿਟੀ ਕੌਂਸਲ ਵਿਚ ਇੱਕ ਮਤਾ ਪੇਸ਼ ਕਰਨ ਕਾਰਨ ਉਸਨੂੰ ਵੀਜ਼ਾ ‘ਰੱਦ ਸੂਚੀ’ ਵਿਚ ਰੱਖਿਆ ਗਿਆ। ਉਸ ਨੇ ਕਿਹਾ, ”ਇਹ ਸਾਫ਼ ਹੀ ਹੈ ਕਿ ਕਿਉਂ।” ਕਸ਼ਮਾ ਦਾ ਕਹਿਣਾ ਸੀ, ”ਮੇਰੇ ਸਮਾਜਵਾਦੀ ਸਿਟੀ ਕੌਂਸਲ ਦਫ਼ਤਰ ਨੇ ਮੋਦੀ ਦੇ ਮੁਸਲਿਮ-ਵਿਰੋਧੀ ਗਰੀਬ-ਵਿਰੋਧੀ ਸੀ.ਏ.ਏ. ਐੱਨ.ਸੀ.ਆਰ. ਨਾਗਰਿਕਤਾ ਕਾਨੂੰਨ ਦੀ ਨਿੰਦਾ ਕਰਦੇ ਹੋਏ ਇੱਕ ਮਤਾ ਪਾਸ ਕੀਤਾ। ਅਸੀਂ ਜਾਤੀ ਵਿਤਕਰੇ ਖ਼ਿਲਾਫ਼ ਵੀ ਇਤਿਹਾਸਕ ਪਾਬੰਦੀ ਲਈ ਜਿੱਤ ਹਾਸਲ ਕੀਤੀ।”
ਸੀ.ਏ.ਏ. ਦਾ ਭਾਵ ਹੈ, ਭਾਰਤੀ ਸੰਸਦ ਵੱਲੋਂ ਪਾਸ ਕੀਤਾ ਗਿਆ ਨਾਗਰਿਕਤਾ ਸੋਧ ਕਾਨੂੰਨ, 2019 ਅਤੇ ਐੱਨ.ਸੀ.ਆਰ. ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ ਹੈ। ਸਿਆਟਲ ਸਿਟੀ ਕੌਂਸਲ ਨੇ 2023 ਵਿਚ ਸਾਵੰਤ ਵੱਲੋਂ ਪੇਸ਼ ਕੀਤੇ ਗਏ ਇੱਕ ਮਤੇ ਦੇ ਅਧਾਰ ‘ਤੇ ਸ਼ਹਿਰ ਦੇ ਵਿਤਕਰੇ ਵਿਰੋਧੀ ਕਾਨੂੰਨਾਂ ਵਿਚ ਜਾਤੀ ਵਿਤਕਰੇ ਨੂੰ ਸ਼ਾਮਲ ਕੀਤਾ ਸੀ ਅਤੇ ਇਸ ਤਰ੍ਹਾਂ ਸਿਆਟਲ ਜਾਤਪਾਤ ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਸ਼ਹਿਰ ਬਣ ਗਿਆ ਅਤੇ ਦੱਖਣੀ ਏਸ਼ੀਆ ਤੋਂ ਬਾਹਰ ਅਜਿਹਾ ਕਾਨੂੰਨ ਪਾਸ ਕਰਨ ਵਾਲਾ ਦੁਨੀਆਂ ਦਾ ਪਹਿਲਾ ਸ਼ਹਿਰ ਬਣ ਗਿਆ।
ਇਸ ਕਾਨੂੰਨ ਜੋ ਕਿ ਜਾਤ ਦੇ ਆਧਾਰ ‘ਤੇ ਵਿਤਕਰੇ ਨੂੰ ਗੈਰ-ਕਾਨੂੰਨੀ ਠਹਿਰਾਉਂਦਾ ਹੈ, ਨੂੰ ਅਮਰੀਕਾ ਵਿਚ ਦੱਖਣੀ ਏਸ਼ੀਆਈ ਭਾਈਚਾਰਿਆਂ ਦਾ ਭਾਰੀ ਸਮਰਥਨ ਪ੍ਰਾਪਤ ਹੋਇਆ। ਹਾਲਾਂਕਿ ਇਸ ਅੰਦੋਲਨ ਨੂੰ ਕੁਝ ਭਾਰਤੀਆਂ ਤੇ ਅਮਰੀਕੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੀ ਦਲੀਲ ਸੀ ਕਿ ਅਜਿਹਾ ਕਾਨੂੰਨ ਇੱਕ ਖਾਸ ਭਾਈਚਾਰੇ ਨੂੰ ਬਦਨਾਮ ਕਰਨ ਵਾਲਾ ਹੈ।
ਅਮਰੀਕਾ ‘ਚ ਜਾਤਪਾਤ ਖ਼ਿਲਾਫ਼ ਕਾਨੂੰਨ ਪਾਸ ਕਰਵਾਉਣ ਵਾਲੀ ਕਸ਼ਮਾ ਸਾਵੰਤ ਨੂੰ ਭਾਰਤੀ ਵੀਜ਼ੇ ਤੋਂ ਇਨਕਾਰ
