ਕਰਨਾਲ, 20 ਸਤੰਬਰ (ਪੰਜਾਬ ਮੇਲ)- ਹਾਲ ਹੀ ‘ਚ ਰਾਹੁਲ ਗਾਂਧੀ ਅਮਰੀਕਾ ਦੌਰੇ ‘ਤੇ ਗਏ ਸਨ ਅਤੇ ਉਥੇ ਹਰਿਆਣਾ ਦੇ ਕੁਝ ਨੌਜਵਾਨਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਨੌਜਵਾਨਾਂ ਨੇ ਦੱਸਿਆ ਸੀ ਕਿ ਉਹ ਡੌਂਕੀ ਰੂਟ ਰਾਹੀਂ ਅਮਰੀਕਾ ਆਏ ਸਨ। ਇਨ੍ਹਾਂ ਵਿੱਚੋਂ ਇੱਕ ਹੈ ਅਮਿਤ ਮਾਨ, ਜੋ ਅਮਰੀਕਾ ਵਿੱਚ ਟਰੱਕ ਚਲਾਉਂਦਾ ਸੀ ਅਤੇ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ। ਰਾਹੁਲ ਨੇ ਉਸ ਨਾਲ ਉੱਥੇ ਵੀ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਉਸ ਦੇ ਪਿੰਡ ਜਾ ਕੇ ਉਸ ਦੇ ਪਰਿਵਾਰ ਨੂੰ ਮਿਲਣਗੇ। ਇਸ ਸਿਲਸਿਲੇ ‘ਚ ਰਾਹੁਲ ਗਾਂਧੀ ਸ਼ੁੱਕਰਵਾਰ ਸਵੇਰੇ ਅਮਿਤ ਦੇ ਘਰ ਪਹੁੰਚੇ ਅਤੇ ਕਰੀਬ ਡੇਢ ਘੰਟਾ ਰੁਕੇ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਹਰਿਆਣਾ ਵਿਧਾਨ ਸਭਾ ਚੋਣਾਂ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਸਵੇਰੇ ਕਰਨਾਲ ਪਹੁੰਚ ਗਏ। ਜਦੋਂ ਰਾਹੁਲ ਗਾਂਧੀ ਪਰਿਵਾਰ ਨੂੰ ਮਿਲਣ ਆਏ ਤਾਂ ਲੋਕ ਅਜੇ ਸੁੱਤੇ ਹੋਏ ਸਨ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਸਵੇਰੇ 5 ਵਜੇ ਕਰਨਾਲ ਦੇ ਪਿੰਡ ਗੋਘਾੜੀਪੁਰ ‘ਚ ਇਕ ਪਰਿਵਾਰ ਨੂੰ ਮਿਲੇ। ਇਸ ਦੌਰਾਨ ਮੀਡੀਆ ਨੇ ਰਾਹੁਲ ਤੋਂ ਸਵਾਲ ਪੁੱਛੇ। ਪਰ ਉਨ੍ਹਾਂ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਇਸ ਦੌਰਾਨ ਰਾਹੁਲ ਨੇ ਪਰਿਵਾਰ ਨਾਲ ਤਸਵੀਰਾਂ ਵੀ ਖਿਚਵਾਈਆਂ। ਜ਼ਖਮੀ ਅਮਿਤ ਮਾਨ ਦੀ ਮਾਂ ਨੇ ਦੱਸਿਆ ਕਿ ਉਸ ਨੇ ਘਰ ਗਿਰਵੀ ਰੱਖ ਕੇ ਅਤੇ ਜ਼ਮੀਨ ਵੇਚ ਕੇ ਆਪਣੇ ਲੜਕੇ ਨੂੰ ਅਮਰੀਕਾ ਭੇਜਿਆ ਸੀ। ਮਾਂ ਨੇ ਦੱਸਿਆ ਕਿ ਉਸ ਨੇ ਰਾਹੁਲ ਗਾਂਧੀ ਨਾਲ ਆਪਣੇ ਬੇਟੇ ਬਾਰੇ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਸਿਰਫ਼ ਚਾਹ ਪੀਤੀ ਸੀ। ਉਨ੍ਹਾਂ ਨੂੰ ਉਸ ਦੀ ਫੇਰੀ ਬਾਰੇ ਪਤਾ ਨਹੀਂ ਹੈ। ਸਵੇਰੇ ਵੀ ਰਾਹੁਲ ਨੇ ਵੀਡੀਓ ਕਾਲ ਰਾਹੀਂ ਉਨ੍ਹਾਂ ਦੇ ਬੇਟੇ ਨਾਲ ਗੱਲ ਕੀਤੀ। ਵਰਣਨਯੋਗ ਹੈ ਕਿ ਅਮਿਤ ਮਾਨ ਇਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਹੁਣ ਅਮਰੀਕਾ ਵਿਚ ਜ਼ੇਰੇ ਇਲਾਜ ਹਨ। ਪਰਿਵਾਰ ਨੇ ਦੱਸਿਆ ਕਿ ਹੁਣ ਬੇਟੇ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ।