– ਭਾਰਤ ਤੇ ਅਮਰੀਕੀ ਏਜੰਸੀਆਂ ਵਿਚਕਾਰ ਚੱਲ ਰਹੀ ਗੱਲਬਾਤ
– ਪੰਜਾਬ ‘ਚ 14 ਗ੍ਰਨੇਡ ਹਮਲਿਆਂ ਦਾ ਦੋਸ਼; 33 ਮਾਮਲੇ ਦਰਜ ਹਨ
ਨਵੀਂ ਦਿੱਲੀ, 7 ਜੁਲਾਈ (ਪੰਜਾਬ ਮੇਲ)- ਬੀਤੇ ਕੁਝ ਮਹੀਨਿਆਂ ਦੌਰਾਨ ਪੰਜਾਬ ‘ਚ ਕਈ ਥਾਈਂ ਪੁਲਿਸ ਥਾਣਿਆਂ ‘ਚ ਗ੍ਰਨੇਡ ਹਮਲੇ ਕਰਵਾਉਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਅਮਰੀਕਾ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਐੱਫ.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਨੇ ਦੱਸਿਆ ਸੀ ਕਿ ਉਹ ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ ਤੇ ਭਾਰਤ ਦੇ ਨਾਲ ਅਮਰੀਕਾ ‘ਚ ਵੀ ਕਈ ਪੁਲਿਸ ਥਾਣਿਆਂ ‘ਤੇ ਹਮਲਾ ਕਰਨ ਦੀਆਂ ਯੋਜਨਾਵਾਂ ‘ਚ ਸ਼ਾਮਲ ਸੀ।
ਪਾਸੀਆ ਭਾਰਤ ‘ਚ ਵੀ ਕਈ ਮਾਮਲਿਆਂ ‘ਚ ਵਾਂਟੇਡ ਹੈ, ਜਿਸ ਕਾਰਨ ਭਾਰਤ ਅਮਰੀਕਾ ਤੋਂ ਉਸ ਦੀ ਕਸਟਡੀ ਹਾਸਲ ਕਰਨਾ ਚਾਹੁੰਦਾ ਹੈ। ਇਸ ਮਾਮਲੇ ‘ਚ ਹੁਣ ਸੂਤਰਾਂ ਦੇ ਹਵਾਲੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੈਪੀ ਪਾਸੀਆ ਨੂੰ ਛੇਤੀ ਹੀ ਭਾਰਤ ਲਿਆਂਦਾ ਜਾ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਹੈਪੀ ਪਾਸੀਆ ‘ਤੇ ਪੰਜਾਬ ‘ਚ 14 ਗ੍ਰਨੇਡ ਹਮਲਿਆਂ ਦਾ ਦੋਸ਼ ਹੈ ਤੇ ਉਸ ਖ਼ਿਲਾਫ਼ 33 ਮਾਮਲੇ ਦਰਜ ਹਨ। ਉਹ ਅੰਤਰਰਾਸ਼ਟਰੀ ਅੱਤਵਾਦੀ ਗਰੁੱਪਾਂ ਨਾਲ ਜੁੜਿਆ ਹੋਇਆ ਹੈ ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਪੰਜਾਬ ਤੋਂ ਅਮਰੀਕਾ ਫਰਾਰ ਹੋ ਗਿਆ ਸੀ।
ਭਾਰਤ ਦੀ ਜਾਂਚ ਏਜੰਸੀ ਐੱਨ.ਆਈ.ਏ. ਵੱਲੋਂ ਉਸ ‘ਤੇ 5 ਲੱਖ ਰੁਪਏ ਇਨਾਮ ਦਾ ਵੀ ਐਲਾਨ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਕੇਂਦਰੀ ਜਾਂਚ ਏਜੰਸੀਆਂ ਅਮਰੀਕੀ ਪੁਲਿਸ ਨਾਲ ਸੰਪਰਕ ‘ਚ ਹਨ ਤੇ ਉਮੀਦ ਜਤਾਈ ਜਾ ਰਿਹਾ ਹੈ ਕਿ ਭਾਰਤ ਨੂੰ ਉਸ ਦੀ ਕਸਟਡੀ ਮਿਲ ਸਕਦੀ ਹੈ।
ਅਮਰੀਕਾ ‘ਚ ਗ੍ਰਿਫ਼ਤਾਰ ਹੈਪੀ ਪਾਸੀਆ ਨੂੰ ਛੇਤੀ ਹੀ ਲਿਆਂਦਾ ਜਾਵੇਗਾ ਭਾਰਤ
