-ਮੁਕਾਬਲੇ ‘ਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ
ਸੈਕਰਾਮੈਂਟੋ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਰਾਜ ਗੋਗਨਾ/ਪੰਜਾਬ ਮੇਲ)- ਸਿਰਾਕੂਜ, ਨਿਊਯਾਰਕ ਨੇੜੇ ਪੁਲਿਸ ਤੇ ਸ਼ੱਕੀਆਂ ਵਿਚਾਲੇ ਹੋਏ ਮੁਕਾਬਲੇ ਵਿਚ 2 ਲਾਅ ਇਨਫੋਰਸਮੈਂਟ ਅਫਸਰਾਂ ਦੀ ਮੌਤ ਹੋਣ ਦੀ ਖਬਰ ਹੈ। ਇਕ ਟਰੈਫਿਕ ਸਟਾਪ ਤੋਂ ਸ਼ੁਰੂ ਹੋਏ ਇਸ ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਦੀ ਵੀ ਮੌਤ ਹੋ ਗਈ। ਚੀਫ ਜੋਸਫ ਸੀਸਿਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਿਰਕੂਜ ਪੁਲਿਸ ਵਿਭਾਗ ਦੇ 2 ਅਫਸਰਾਂ ਨੇ ਇਕ ਸ਼ੱਕੀ ਵਾਹਣ ਨੂੰ ਰੋਕਣ ਦਾ ਯਤਨ ਕੀਤਾ ਪਰੰਤੂ ਡਰਾਈਵਰ ਵਾਹਣ ਭਜਾ ਕੇ ਲੈ ਲਿਆ। ਬਾਅਦ ਵਿਚ ਵਾਹਣ ਦੀ ਲਾਇਸੰਸ ਪਲੇਟ ਤੋਂ ਉਸ ਨੂੰ ਲਿਵਰਪੂਲ ਨੇੜੇ ਇਕ ਘਰ ਵਿਚ ਲੱਭ ਲਿਆ ਗਿਆ। ਜਦੋਂ ਪੁਲਿਸ ਅਫਸਰ ਘਰ ਦੇ ਬਾਹਰ ਖੜ੍ਹੇ ਵਾਹਣ ਦੀ ਜਾਂਚ ਕਰ ਰਹੇ ਸਨ, ਤਾਂ ਘਰ ਦੇ ਅੰਦਰੋਂ ਚੱਲੀਆਂ ਗੋਲੀਆਂ ਨਾਲ ਦੋ ਪੁਲਿਸ ਅਫਸਰ ਮਾਰੇ ਗਏ। ਘੱਟੋ-ਘੱਟ ਇਕ ਸ਼ੱਕੀ ਵੀ ਮੁਕਾਬਲੇ ਦੌਰਾਨ ਢੇਰ ਹੋ ਗਿਆ। ਮੇਅਰ ਬੇਨ ਵਾਲਸ਼ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ”ਸਿਰਾਕੂਜ ਦੇ ਇਤਿਹਾਸ ਵਿਚ ਇਹ ਕਾਲਾ ਦਿਨ ਹੈ। ਸਾਡੀ ਹਮਦਰਦੀ ਮਾਰੇ ਗਏ 2 ਅਫਸਰਾਂ ਦੇ ਪਰਿਵਾਰਾਂ ਨਾਲ ਹੈ, ਜੋ ਸਾਡੇ ਹੀਰੋ ਸਨ।”
ਇਸ ਘਟਨਾ ਵਿਚ ਮਰਨ ਵਾਲੇ ਪੁਲਿਸ ਅਫ਼ਸਰਾਂ ਵਿਚੋਂ ਇੱਕ ਨੇ ਸਿਰਫ਼ ਤਿੰਨ ਸਾਲ ਪਹਿਲਾਂ ਹੀ ਪੁਲਿਸ ਸੇਵਾ ਜੁਆਇਨ ਕੀਤੀ ਸੀ। ਸਿਰਾਕੂਜ ਦੇ ਮੇਅਰ ਬੇਨ ਵਾਲਸ਼ ਨੇ ਇਸ ਘਟਨਾ ‘ਤੇ ਅਫਸੋਸ ਪ੍ਰਗਟ ਕੀਤਾ, ਇਸ ਨੂੰ ਸ਼ਹਿਰ ਦੀ ਹੁਣ ਤੱਕ ਦੀ ਸਭ ਤੋਂ ਮੰਦਭਾਗੀ ਘਟਨਾ ਵੀ ਦੱਸਿਆ। ਅਮਰੀਕਾ ਵਿਚ ਹਰ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਬੰਦੂਕ ਸੱਭਿਆਚਾਰ ‘ਤੇ ਸਵਾਲ ਵੀ ਉਠਾਏ ਜਾਂਦੇ ਹਨ ਪਰ ਅਜੇ ਤੱਕ ਕੋਈ ਵੀ ਸਰਕਾਰ ਇਸ ਨੂੰ ਰੋਕਣ ਲਈ ਠੋਸ ਕਦਮ ਨਹੀਂ ਚੁੱਕ ਸਕੀ। ਬੰਦੂਕ ਅਪਰਾਧਾਂ ਵਿਚ ਹਰ ਸਾਲ ਕਿੰਨੇ ਹੀ ਲੋਕ ਮਰਦੇ ਹਨ। ਅੰਕੜਿਆਂ ਅਨੁਸਾਰ, ਸਾਲ 2021 ‘ਚ ਅਮਰੀਕਾ ਵਿਚ 81 ਫੀਸਦੀ ਕਤਲ ਬੰਦੂਕ ਅਪਰਾਧ ਨਾਲ ਸਬੰਧਤ ਸਨ ਅਤੇ ਇਹ ਗਿਣਤੀ 26,031 ਸੀ। ਹਾਲਾਂਕਿ 2023 ‘ਚ ਇਹ ਅੰਕੜਾ 40 ਹਜ਼ਾਰ ਨੂੰ ਪਾਰ ਕਰ ਗਿਆ ਸੀ। ਇੱਕ ਰਿਪੋਰਟ ਅਨੁਸਾਰ 01 ਜਨਵਰੀ, 2023 ਤੋਂ 07 ਦਸੰਬਰ 2023 ਤੱਕ ਅਮਰੀਕਾ ਵਿਚ ਬੰਦੂਕ ਹਿੰਸਾ ਵਿਚ 40,000 ਲੋਕਾਂ ਦੀ ਜਾਨ ਚਲੀ ਗਈ, ਜਿਸ ਦਾ ਮਤਲਬ ਹੈ ਕਿ ਸਾਲ 2023 ‘ਚ ਅਮਰੀਕਾ ਵਿਚ ਹਰ ਰੋਜ਼ 118 ਲੋਕਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋਈ।