ਵਾਸ਼ਿੰਗਟਨ, 14 ਦਸੰਬਰ (ਪੰਜਾਬ ਮੇਲ)- ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਕਰੀਬ 18 ਹਜ਼ਾਰ ਭਾਰਤੀਆਂ ਨੂੰ ਜਲਦ ਹੀ ਆਪਣੇ ਦੇਸ਼ ਪਰਤਣਾ ਪੈ ਸਕਦਾ ਹੈ। ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ.ਸੀ.ਈ.) ਦੀ ਤਾਜ਼ਾ ਰਿਪੋਰਟ ਮੁਤਾਬਕ 17,940 ਭਾਰਤੀ ਉਨ੍ਹਾਂ 14.45 ਲੱਖ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਦੇਸ਼ ਵਿਚੋਂ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਗਲੇ ਮਹੀਨੇ ਅਹੁਦਾ ਸੰਭਾਲਣ ਤੋਂ ਬਾਅਦ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ ਹੋਣ ਦੀ ਸੰਭਾਵਨਾ ਹੈ। ਆਈ.ਸੀ.ਈ. ਨੇ ਕਿਹਾ ਹੈ ਕਿ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦਾ ਦੇਸ਼ ਨਿਕਾਲਾ ਟਰੰਪ ਦੇ ਸਰਹੱਦੀ ਸੁਰੱਖਿਆ ਏਜੰਡੇ ਦਾ ਕੇਂਦਰ ਹੈ। ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਵਿਚ ਪ੍ਰਵਾਸੀਆਂ ਦਾ ਮੁੱਦਾ ਵਾਰ-ਵਾਰ ਉਠਾਇਆ ਸੀ।
ਰਿਪੋਰਟ ਮੁਤਾਬਕ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ‘ਚ ਭਾਰਤ 13ਵੇਂ ਨੰਬਰ ‘ਤੇ ਹੈ। ਨਵੰਬਰ 2024 ਵਿਚ ਜਾਰੀ ਆਈ.ਸੀ.ਈ. ਦੇ ਅੰਕੜਿਆਂ ਅਨੁਸਾਰ, 17,940 ਭਾਰਤੀਆਂ ਨੂੰ ਏਜੰਸੀ ਦੀ ਗੈਰ-ਹਿਰਾਸਤ ਵਾਲੀ ਸੂਚੀ ਵਿਚ ਸੂਚੀਬੱਧ ਕੀਤਾ ਗਿਆ ਹੈ। ਇਸ ਵਿਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਦੇਸ਼ ਨਿਕਾਲਾ ਦੇ ਅੰਤਮ ਆਦੇਸ਼ ਦਿੱਤੇ ਗਏ ਹਨ, ਜੋ ਆਈ.ਸੀ.ਈ. ਦੀ ਹਿਰਾਸਤ ਵਿਚ ਨਹੀਂ ਹਨ ਪਰ ਦੇਸ਼ ਨਿਕਾਲੇ ਦੇ ਆਦੇਸ਼ ਦੀ ਉਡੀਕ ਕਰ ਰਹੇ ਹਨ। ਇਸ ਰਿਪੋਰਟ ‘ਚ ਖਾਸ ਗੱਲ ਇਹ ਹੈ ਕਿ ਭਾਰਤ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ‘ਚ ‘ਨਾ-ਸਹਿਯੋਗੀ’ ਦੱਸਿਆ ਗਿਆ ਹੈ। ਗੈਰ-ਸਹਿਯੋਗੀ ਦੇਸ਼ਾਂ ਵਿਚ 15 ਦੇਸ਼ਾਂ ਦੇ ਨਾਂ ਸ਼ਾਮਲ ਹਨ। ਆਈ.ਸੀ.ਈ. ਅਨੁਸਾਰ, ਜਿਹੜੇ ਦੇਸ਼ ਆਪਣੇ ਨਾਗਰਿਕਾਂ ਦੀ ਵਾਪਸੀ ਤੋਂ ਇਨਕਾਰ ਕਰਦੇ ਹਨ ਅਤੇ ਦੇਸ਼ ਨਿਕਾਲੇ ਵਿਚ ਸਹਿਯੋਗ ਨਹੀਂ ਕਰਦੇ ਹਨ, ਉਨ੍ਹਾਂ ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਅਮਰੀਕਾ ਦੀ ਸਰਹੱਦ ‘ਤੇ ਔਸਤਨ 90 ਹਜ਼ਾਰ ਭਾਰਤੀ ਨਾਗਰਿਕ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਵਾਸੀਆਂ ਦਾ ਵੱਡਾ ਹਿੱਸਾ ਪੰਜਾਬ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਰਗੇ ਭਾਰਤੀ ਰਾਜਾਂ ਤੋਂ ਆ ਰਿਹਾ ਹੈ।