-ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬੇਲੋੜਾ ਸਫ਼ਰ ਟਾਲਣ ਦੀ ਅਪੀਲ
ਨਿਊਯਾਰਕ, 18 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਕਈ ਹਿੱਸਿਆਂ ਵਿਚ ਆਏ ਭਿਆਨਕ ਤੂਫ਼ਾਨ ਨੇ ਹਵਾਈ ਸੇਵਾਵਾਂ ਨੂੰ ਪੂਰੀ ਤਰ੍ਹਾਂ ਲੀਹੋਂ ਲਾਹ ਦਿੱਤਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ, ਖ਼ਰਾਬ ਮੌਸਮ ਕਾਰਨ ਹੁਣ ਤੱਕ ਹਜ਼ਾਰਾਂ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ ਅਤੇ 12,000 ਤੋਂ ਵੱਧ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਕਾਫੀ ਦੇਰੀ ਨਾਲ ਚੱਲ ਰਹੀਆਂ ਹਨ।
ਦੇਸ਼ ਦੇ ਮੁੱਖ ਹਵਾਈ ਅੱਡਿਆਂ, ਖਾਸ ਕਰਕੇ ਸ਼ਿਕਾਗੋ, ਨਿਊਯਾਰਕ ਅਤੇ ਅਟਲਾਂਟਾ ਵਿਚ ਹਜ਼ਾਰਾਂ ਮੁਸਾਫ਼ਰ ਫਸੇ ਹੋਏ ਹਨ। ਉਡਾਣਾਂ ਰੱਦ ਹੋਣ ਕਾਰਨ ਲੋਕਾਂ ਨੂੰ ਹਵਾਈ ਅੱਡਿਆਂ ‘ਤੇ ਹੀ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਪਾਇਲਟਾਂ ਲਈ ਜਹਾਜ਼ ਉਡਾਉਣਾ ਖ਼ਤਰਨਾਕ ਬਣਿਆ ਹੋਇਆ ਹੈ। ਸੁਰੱਖਿਆ ਨੂੰ ਮੁੱਖ ਰੱਖਦਿਆਂ ਏਅਰਲਾਈਨਾਂ ਨੇ ਵੱਡੇ ਪੱਧਰ ‘ਤੇ ਕੈਂਸਲੇਸ਼ਨ (ਰੱਦ) ਕਰਨ ਦਾ ਫੈਸਲਾ ਲਿਆ ਹੈ। ਡੈਲਟਾ, ਯੂਨਾਈਟਿਡ ਅਤੇ ਅਮਰੀਕਨ ਏਅਰਲਾਈਨਜ਼ ਵਰਗੀਆਂ ਵੱਡੀਆਂ ਕੰਪਨੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਵਾਈ ਅੱਡੇ ਲਈ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ। ਅਮਰੀਕਾ ਵਿਚ ਵੱਡੀ ਗਿਣਤੀ ਵਿਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ‘ਤੇ ਵੀ ਇਸ ਦਾ ਵੱਡਾ ਅਸਰ ਪਿਆ ਹੈ। ਕਈ ਪੰਜਾਬੀ ਯਾਤਰੀ ਜੋ ਭਾਰਤ ਜਾਣ ਲਈ ਜਾਂ ਅਮਰੀਕਾ ਦੇ ਅੰਦਰ ਹੀ ਸਫ਼ਰ ਕਰ ਰਹੇ ਸਨ, ਵੱਖ-ਵੱਖ ਸ਼ਹਿਰਾਂ ਵਿਚ ਫਸ ਗਏ ਹਨ। ਖ਼ਾਸ ਕਰਕੇ ਕਨੈਕਟਿੰਗ ਫਲਾਈਟਾਂ ਲੈਣ ਵਾਲੇ ਮੁਸਾਫ਼ਰਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਬੇਲੋੜਾ ਸਫ਼ਰ ਟਾਲਣ ਦੀ ਅਪੀਲ ਕੀਤੀ ਹੈ।
ਅਮਰੀਕਾ ‘ਚ ਖਰਾਬ ਮੌਸਮ ਅਤੇ ਭਿਆਨਕ ਤੂਫਾਨ ਕਾਰਨ ਹਜ਼ਾਰਾਂ ਉਡਾਣਾਂ ਰੱਦ

