#AMERICA

ਅਮਰੀਕਾ ‘ਚ ਕੁੱਤਿਆਂ ਨੇ ਇਕ ਔਰਤ ਨੂੰ ਨੋਚ-ਨੋਚ ਮਾਰਿਆ

-ਪੁਲਿਸ ਦੀ ਗੋਲੀ ਨਾਲ ਇਕ ਕੁੱਤਾ ਜ਼ਖਮੀ
ਸੈਕਰਾਮੈਂਟੋ, 8 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਪੱਛਮੀ ਟੈਨੇਸੀ ਰਾਜ ਵਿਚ 2 ਕੁੱਤਿਆਂ ਵੱਲੋਂ ਇਕ ਔਰਤ ਨੂੰ ਨੋਚ-ਨੋਚ ਕੇ ਮਾਰ ਦੇਣ ਦੀ ਖਬਰ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਮੌਕੇ ‘ਤੇ ਪੁੱਜੇ ਪੁਲਿਸ ਅਫਸਰ ਵੱਲੋਂ ਚਲਾਈ ਗੋਲੀ ਨਾਲ ਇਕ ਕੁੱਤਾ ਜ਼ਖਮੀ ਹੋ ਗਿਆ। ਮੌਕੇ ਤੋਂ ਫਰਾਰ ਹੋਏ ਦੋਨਾਂ ਕੁੱਤਿਆਂ ਨੂੰ ਬਾਅਦ ‘ਚ ਕਾਬੂ ਕਰ ਲਿਆ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਕੁੱਤਿਆਂ ਦਾ ਮਾਲਕ ਕੌਣ ਹੈ। ਇਹ ਘਟਨਾ ਹਾਰਡਮਨ ਕਾਊਂਟੀ ਵਿਚ ਮੈਮਫਿਸ ਤੋਂ ਤਕਰੀਬਨ 70 ਮੀਲ ਦੂਰ ਉੱਤਰ ਪੂਰਬ ਦੇ ਬੋਲੀਵਰ ਸ਼ਹਿਰ ਵਿਚ ਵਾਪਰੀ। ਬੋਲੀਵਰ ਪੁਲਿਸ ਵਿਭਾਗ ਅਨੁਸਾਰ ਉਨ੍ਹਾਂ ਨੂੰ ਬੀਤੇ ਦਿਨ ਦੁਪਹਿਰ 1.30 ਵਜੇ ਸੂਚਨਾ ਮਿਲੀ ਸੀ ਕਿ ਇਕ ਔਰਤ ਦੇ ਖੂਨ ਵਹਿ ਰਿਹਾ ਹੈ। ਮੌਕੇ ‘ਤੇ ਪੁੱਜੇ ਪੁਲਿਸ ਅਫਸਰਾਂ ਨੂੰ ਔਰਤ ਗੰਭੀਰ ਹਾਲਤ ਵਿਚ ਮਿਲੀ, ਜਿਸ ਨੂੰ ਸਪੱਸ਼ਟ ਤੌਰ ‘ਤੇ ਜਗ੍ਹਾ-ਜਗ੍ਹਾ ਤੋਂ ਕੁੱਤਿਆਂ ਨੇ ਨੋਚਿਆ ਹੋਇਆ ਸੀ। 2 ਕੁੱਤੇ ਮੌਕੇ ‘ਤੇ ਇਧਰ ਉਧਰ ਘੁੰਮ ਰਹੇ ਸਨ, ਜਿਨ੍ਹਾਂ ਵਿਚੋਂ ਇਕ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ। ਔਰਤ ਦੀ ਪਛਾਣ ਥਰੇਸਾ ਰੋਡਸ ਵਜੋਂ ਹੋਈ ਹੈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਈ।