-ਸਿਰ ਵਿਚ ਸੱਟ ਲੱਗਣ ਕਾਰਨ ਇਲਾਜ ਦੌਰਾਨ ਤੋੜਿਆ ਦਮ
ਨਿਊਯਾਰਕ, 23 ਅਕਤੂਬਰ (ਪੰਜਾਬ ਮੇਲ)- ਨਿਊਯਾਰਕ ਸ਼ਹਿਰ ਵਿਚ ਇੱਕ ਕਾਰ ਹਾਦਸੇ ਤੋਂ ਬਾਅਦ 30 ਸਾਲਾ ਵਿਅਕਤੀ ਵੱਲੋਂ ਵਾਰ-ਵਾਰ ਮੁੱਕਾ ਮਾਰਨ ਕਾਰਨ ਇੱਕ ਬਜ਼ੁਰਗ ਸਿੱਖ ਵਿਅਕਤੀ ਦੇ ਸਿਰ ‘ਚ ਗੰਭੀਰ ਸੱਟ ਲੱਗ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਕ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਜਸਮੇਰ ਸਿੰਘ (66) ਨੂੰ ਗੰਭੀਰ ਹਾਲਤ ਵਿਚ ਕੁਈਨਜ਼ ਦੇ ਜਮਾਇਕਾ ਹਸਪਤਾਲ ਦੇ ਮੈਡੀਕਲ ਸੈਂਟਰ ਵਿਚ ਲਿਜਾਇਆ ਗਿਆ, ਜਿੱਥੇ 19 ਅਕਤੂਬਰ ਨੂੰ ਹਮਲੇ ਤੋਂ ਇੱਕ ਦਿਨ ਬਾਅਦ ਉਨ੍ਹਾਂ ਦੀ ਦਿਮਾਗੀ ਸੱਟ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗਿਲਬਰਟ ਔਗਸਟਿਨ ਨੂੰ 20 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਹੋਰ ਛੋਟੇ ਦੋਸ਼ਾਂ ਦੇ ਨਾਲ-ਨਾਲ ਕਤਲ ਅਤੇ ਹਮਲੇ ਦੇ ਦੋਸ਼ ਲਾਏ ਗਏ ਸਨ। ਪੁਲਿਸ ਨੇ ਦੱਸਿਆ ਕਿ ਜਸਮੇਰ ਸਿੰਘ ਅਤੇ ਔਗਸਟਿਨ 19 ਅਕਤੂਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਕੇਵ ਗਾਰਡਨ ਵਿਚ ਹਿਲਸਾਈਡ ਐਵੇਨਿਊ ਨੇੜੇ ਵੈਨ ਵਿਕ ਐਕਸਪ੍ਰੈਸਵੇਅ ‘ਤੇ ਟਕਰਾ ਗਏ ਸਨ ਅਤੇ ਦੋਵਾਂ ਕਾਰਾਂ ‘ਤੇ ਡੈਂਟ ਅਤੇ ਸਕ੍ਰੈਚ ਆ ਗਏ ਸਨ। ਸਰਕਾਰੀ ਵਕੀਲਾਂ ਨੇ ਗਵਾਹਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ”ਪੁਲਿਸ ਨਹੀਂ, ਕੋਈ ਪੁਲਿਸ ਨਹੀਂ” ਕਹਿੰਦੇ ਸੁਣਿਆ, ਜਦੋਂ ਜਸਮੇਰ ਸਿੰਘ ਨੇ 911 ‘ਤੇ ਕਾਲ ਕੀਤੀ ਅਤੇ ਉਨ੍ਹਾਂ ਨੇ ਔਗਸਟਿਨ ਨੂੰ ਜਸਮੇਰ ਸਿੰਘ ਦੇ ਹੱਥੋਂ ਫ਼ੋਨ ਖੌਂਹਦੇ ਦੇਖਿਆ।
ਜਾਣਕਾਰੀ ਮੁਤਾਬਕ ਜਸਮੇਰ ਸਿੰਘ ਕਾਰ ਤੋਂ ਬਾਹਰ ਨਿਕਲੇ ਅਤੇ ਆਪਣਾ ਫ਼ੋਨ ਵਾਪਸ ਲੈਣ ਦੀ ਕੋਸ਼ਿਸ਼ ਵਿਚ ਔਗਸਟਿਨ ਦਾ ਪਿੱਛਾ ਕੀਤਾ। ਗਵਾਹਾਂ ਮੁਤਾਬਕ ਜਦੋਂ ਜਸਮੇਰ ਸਿੰਘ ਆਪਣਾ ਫ਼ੋਨ ਵਾਪਸ ਲੈਣ ਤੋਂ ਬਾਅਦ ਆਪਣੀ ਕਾਰ ਵੱਲ ਵਾਪਸ ਜਾ ਰਹੇ ਸੀ, ਤਾਂ ਔਗਸਟਿਨ ਨੇ ਉਨ੍ਹਾਂ ਦੇ ਸਿਰ ਅਤੇ ਚਿਹਰੇ ‘ਤੇ 3 ਵਾਰ ਮੁੱਕਾ ਮਾਰਿਆ, ਜਿਸ ਨਾਲ ਜਸਮੇਰ ਸਿੰਘ ਜ਼ਮੀਨ ‘ਤੇ ਡਿੱਗ ਗਏ ਅਤੇ ਉਨ੍ਹਾਂ ਦੇ ਸਿਰ ‘ਤੇ ਸੱਟ ਲੱਗ ਗਈ, ਜਦੋਂਕਿ ਔਗਸਟਿਨ ਆਪਣੇ ਫੋਰਡ ਮਸਟੈਂਗ ਵਿਚ ਬੈਠ ਕੇ ਚਲਾ ਗਿਆ। ਪੁਲਿਸ ਨੇ ਔਗਸਟਿਨ ਨੂੰ ਹਾਦਸੇ ਵਾਲੀ ਥਾਂ ਤੋਂ ਲਗਭਗ ਦੋ ਮੀਲ ਦੀ ਦੂਰੀ ‘ਤੇ ਗ੍ਰਿਫ਼ਤਾਰ ਕੀਤਾ ਅਤੇ ਪਾਇਆ ਕਿ ਉਸਦੇ ਕੋਲ ਇੱਕ ਮੁਅੱਤਲ ਡਰਾਈਵਰ ਲਾਇਸੈਂਸ ਸੀ ਅਤੇ ਉਸਦੀ ਅਲਾਬਾਮਾ ਲਾਇਸੈਂਸ ਪਲੇਟ ਉਸਦੀ ਨਿਊਯਾਰਕ ਰਜਿਸਟ੍ਰੇਸ਼ਨ ਨਾਲ ਮੇਲ ਨਹੀਂ ਖਾਂਦੀ ਸੀ। 21 ਅਕਤੂਬਰ ਨੂੰ ਕੁਈਨਜ਼ ਵਿਚ ਇੱਕ ਮੁਕੱਦਮੇ ਤੋਂ ਬਾਅਦ, ਔਗਸਟਿਨ ਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ ਵਿਚ ਰੱਖਿਆ ਗਿਆ ਹੈ। ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਐਤਵਾਰ ਨੂੰ ਕਿਹਾ ਕਿ ਉਹ ਘਟਨਾ ਤੋਂ ਬਾਅਦ ਭਾਈਚਾਰੇ ਦੀਆਂ ਜ਼ਰੂਰਤਾਂ ‘ਤੇ ਚਰਚਾ ਕਰਨ ਲਈ ਇਸ ਹਫਤੇ ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰਨਗੇ।