#AMERICA

ਅਮਰੀਕਾ ‘ਚ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ ਹੇਠ 12 ਪੰਜਾਬੀ ਗ੍ਰਿਫਤਾਰ

ਵੈਨਕੂਵਰ, 24 ਅਕਤੂਬਰ (ਪੰਜਾਬ ਮੇਲ)- ਅਮਰੀਕੀ ਪੁਲਿਸ ਨੇ ਦੇਸ਼ ਦੇ ਪੱਛਮੀ ਸੂਬਿਆਂ ਵਸ਼ਿੰਗਟਨ ਅਤੇ ਕੈਲੀਫੋਰਨੀਆ ਵਿਚ ਸਿੰਘ ਆਰਗੇਨਾਈਜੇਸ਼ਨ ਨਾਂਅ ਹੇਠ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਸੇਂਟ ਬਰਨਾਰਡ ਕਾਉਂਟੀ ਸ਼ੈਰਿਫ਼ (ਪੁਲਿਸ ਵਿਭਾਗ) ਵਲੋਂ ਕਥਿਤ ਦੋਸ਼ੀਆਂ ਦੀ ਪਛਾਣ ਪਰਮਵੀਰ ਸਿੰਘ (29), ਹਰਪ੍ਰੀਤ ਸਿੰਘ (26), ਅਰਸ਼ਪ੍ਰੀਤ ਸਿੰਘ (27) ਸਾਰੇ ਵਾਸੀ ਰੈਂਚੋ ਕੂਕਾਮੋਂਗਾ, ਸੰਦੀਪ ਸਿੰਘ (31) ਵਾਸੀ ਸੇਂਟ ਬਰਨਾਰਡ, ਮਨਦੀਪ ਸਿੰਘ (42), ਰਣਜੋਧ ਸਿੰਘ (38) ਦੋਹੇਂ ਵਾਸੀ ਬੇਕਰਜ਼ਫੀਲਡ, ਗੁਰਨੇਕ ਸਿੰਘ ਚੌਹਾਨ (40), ਵਿਕਰਮਜੀਤ ਸਿੰਘ (30), ਨਰਾਇਣ ਸਿੰਘ (27) ਤਿੰਨੇ ਵਾਸੀ ਫੋਨਟਾਨਾ, ਬਿਕਰਮਜੀਤ ਸਿੰਘ (27) ਵਾਸੀ ਸੈਕਰਾਮੈਂਟੋ, ਹਿੰਮਤ ਸਿੰਘ ਖਾਲਸਾ (28) ਵਾਸੀ ਰੈਂਟਨ (ਵਸ਼ਿੰਗਟਨ) ਤੇ ਉਨ੍ਹਾਂ ਦੇ ਸਾਥੀ ਐਲਗਰ ਹਰਨਾਂਦੇਜ (27) ਵਾਸੀ ਫੋਨਟਾਨਾ ਵਜੋਂ ਕੀਤੀ ਗਈ ਹੈ।
ਪੁਲਿਸ ਦੀ ਸਾਂਝੀ ਜਾਂਚ ਟੀਮ ਵਲੋਂ ਦੱਸਿਆ ਗਿਆ ਕਿ 2021 ਤੋਂ ਢੋਆ ਢੁਆਈ ਦੇ ਨਾਂਅ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੀਫੋਰਨੀਅਹ ਅਤੇ ਵਸ਼ਿੰਗਟਨ ਦੀਆਂ ਕਾਉਂਟੀ ਪੁਲਿਸ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ।
ਇਨ੍ਹਾਂ ਟੀਮਾਂ ਨੇ ਲੰਮੀ ਜਾਂਚ ਤੋਂ ਬਾਅਦ ਪਤਾ ਲਾਇਆ ਕਿ ਕੁੱਝ ਵਿਅਕਤੀਆਂ ਨੇ ਸਿੰਘ ਆਰਗੇਨਾਈਜ਼ੇਸ਼ਨ ਨਾਂਅ ਹੇਠ ਗੈਂਗ ਬਣਾਇਆ ਹੋਇਆ ਸੀ, ਜੋ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਨਾਂਅ ਹੇਠ ਕੀਮਤੀ ਸਮਾਨ ਦੀ ਢੋਆ ਢੁਆਈ ਦੇ ਠੇਕੇ ਲੈ ਕੇ ਸਮਾਨ ਲੋਡ ਕਰ ਲੈਂਦਾ ਤੇ ਠਿਕਾਣੇ ਉੱਤੇ ਪਹੁੰਚਾਣ ਦੀ ਥਾਂ ਵੇਚ ਦਿੰਦੇ।
ਪੁਲਿਸ ਨੇ ਦੱਸਿਆ ਕਿ ਸਬੂਤ ਇਕੱਤਰ ਕਰਕੇ ਇੱਕੋ ਵੇਲੇ ਛਾਪੇ ਮਾਰਦਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਵੱਲੋਂ ਚਾਰ ਸਾਲਾਂ ਦੌਰਾਨ ਕੀਤੀਆਂ ਠੱਗੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪਤਾ ਵੀ ਲਾਇਆ ਜਾ ਰਿਹਾ ਹੈ ਕਿ ਇਹ ਲੋਕ ਚੋਰੀ ਕੀਤਾ ਕੀਮਤੀ ਸਮਾਨ ਆਪ ਵੇਚਦੇ ਸਨ ਜਾਂ ਕਿਸੇ ਵਿਕਰੇਤਾ ਨੂੰ ਸਸਤੇ ਰੇਟ ‘ਤੇ ਵੇਚਦੇ ਸਨ।
ਇਹ ਕਾਰਵਾਈ ਫੈਡਰਲ ਜਾਂਚ ਬਿਊਰੋ, ਰਿਵਰਸਾਈਡ ਆਈਲੈਂਡ ਟਾਸਕ ਫੋਰਸ, ਲਾਸ ਏਂਜਲਸ ਕਾਉਂਟੀ ਸ਼ੈਰਿਫ ਵਿਭਾਗ, ਫੋਨਟਾਨਾ ਪੁਲਿਸ ਅਤੇ ਕੈਲੀਫੋਰਨੀਆ ਹਾਈਵੇਅ ਪੈਟਰੋਲ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।