ਸੈਕਰਾਮੈਂਟੋ, 27 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ‘ਚ ਫੋਰਟ ਬੈਂਡ ਕਾਊਂਟੀ ਕਮਿਸ਼ਨਰ (ਟੈਕਸਾਸ) ਦੀ ਚੋਣ ਲੜੇ ਰਹੇ ਇਕ ਭਾਰਤੀ-ਅਮਰੀਕੀ ਉਮੀਦਵਾਰ ਬਾਰੇ ਭੱਦੀਆਂ ਨਸਲੀ ਟਿੱਪਣੀਆਂ ਕਰਨ ਦੀ ਰਿਪੋਰਟ ਹੈ ਤੇ ਉਸ ਨੂੰ ਵਾਪਸ ਆਪਣੇ ਦੇਸ਼ ਚਲੇ ਜਾਣ ਵਰਗੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 29 ਸਾਲਾ ਨੀਤੀ ਮਾਹਿਰ ਡੈਮੋਕਰੈਟਿਕ ਆਗੂ ਤਾਰਲ ਵੀ ਪਟੇਲ ਨੇ ਕਿਹਾ ਹੈ ਕਿ ਉਸ ਬਾਰੇ ਸੋਸ਼ਲ ਮੀਡੀਆ ਉਪਰ ਨਫਰਤ ਭਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਉਸ ਦੀ ਜਾਤ, ਕੌਮੀਅਤ ਤੇ ਧਾਰਮਿਕ ਵਿਸ਼ਵਾਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਟੇਲ ਜੋ ਰਿਪਬਲੀਕਨ ਉਮੀਦਵਾਰ ਐਂਡੀ ਮੇਅਰਜ ਵਿਰੁੱਧ ਚੋਣ ਲੜ ਰਿਹਾ ਹੈ, ਨੇ ਕਿਹਾ ਹੈ ਕਿ ਨਫਰਤੀ ਟਿੱਪਣੀਆਂ ਵਿਚ ਉਸ ਤੋਂ ਇਲਾਵਾ ਉਸ ਦੇ ਪਰਿਵਾਰ, ਭਾਈਚਾਰੇ ਤੇ ਦੋਸਤਾਂ-ਮਿੱਤਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਉਨ੍ਹਾਂ ਕਿਹਾ ਕਿ ਮੇਰੇ ਵਿਰੋਧੀ ਆਪਣੀਆਂ ਹੱਦਾਂ ਪਾਰ ਕਰ ਚੁੱਕੇ ਹਨ। ਪਟੇਲ ਦਾ ਪਰਿਵਾਰ 1980ਵਿਆਂ ਵਿਚ ਭਾਰਤ ਤੋਂ ਅਮਰੀਕਾ ਆਇਆ ਸੀ। ਉਹ ਗਰੇਟਰ ਹਿਊਸਟਨ ਵਿਚ ਵੱਡਾ ਹੋਇਆ ਤੇ ਉਸ ਨੇ ਸਿਨਕੋ ਰੈਂਚ ਹਾਈ ਸਕੂਲ ਤੋਂ ਪੜ੍ਹਾਈ ਕਰਨ ਉਪਰੰਤ 2016 ਵਿਚ ਯੁਨੀਵਰਸਿਟੀ ਆਫ ਟੈਕਸਾਸ, ਆਸਟਿਨ ਵਿਚੋਂ ਗ੍ਰੈਜੂਏਸ਼ਨ ਕੀਤੀ। 2021 ‘ਚ ਰਾਸ਼ਟਰਪਤੀ ਜੋਅ ਬਾਈਡਨ ਨੇ ਵਾਇਟ ਹਾਊਸ ਵਿਚ ਉਨ੍ਹਾਂ ਦੀ ਨਿਯੁਕਤੀ ਸੰਪਰਕ ਅਧਿਕਾਰੀ ਵਜੋਂ ਕੀਤੀ ਸੀ।