ਵਾਸ਼ਿੰਗਟਨ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਨੇਵਾਡਾ ਸੂਬੇ ਦੇ ਲਾਸ ਵੇਗਾਸ ਦੇ ਹੈਰੀ ਰੀਡ ਇੰਟਰਨੈਸ਼ਨਲ ਏਅਰਪੋਰਟ ‘ਤੇ ਸ਼ਨੀਵਾਰ ਨੂੰ ਇਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ, ਜਿੱਥੇ ਹਾਰਡ ਲੈਂਡਿੰਗ ਦੌਰਾਨ ਫਰੰਟੀਅਰ ਏਅਰਲਾਈਨਜ਼ ਦੀ ਫਲਾਈਟ ਨੰਬਰ 1326 ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਪੁਸ਼ਟੀ ਸਥਾਨਕ ਅਧਿਕਾਰੀਆਂ ਅਤੇ ਏਅਰਲਾਈਨ ਸੂਤਰਾਂ ਨੇ ਕੀਤੀ ਹੈ।
ਸੀ.ਬੀ.ਐੱਸ. ਨਿਊਜ਼ ਨੇ ਫਰੰਟੀਅਰ ਏਅਰਲਾਈਨਜ਼ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਪਾਇਲਟਾਂ ਨੇ ਧੂੰਏਂ ਦਾ ਪਤਾ ਲਗਾਇਆ ਅਤੇ ਐਮਰਜੈਂਸੀ ਐਲਾਨ ਕਰ ਦਿੱਤੀ। ਜਹਾਜ਼ ਸੁਰੱਖਿਅਤ ਢੰਗ ਨਾਲ ਲੈਂਡ ਕਰ ਗਿਆ। ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਹਵਾਈ ਪੌੜੀਆਂ ਰਾਹੀਂ ਬਾਹਰ ਕੱਢਿਆ ਗਿਆ। ਕਿਸੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਯਾਤਰੀਆਂ ਨੂੰ ਬੱਸ ਰਾਹੀਂ ਟਰਮੀਨਲ ‘ਤੇ ਭੇਜਿਆ ਗਿਆ ਹੈ।
ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਵਾਈ ਅੱਡੇ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਕਲਾਰਕ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਤੁਰੰਤ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਫਾਇਰ ਟਰੱਕ ਅਤੇ ਐਮਰਜੈਂਸੀ ਸੇਵਾ ਵਾਹਨ ਰਨਵੇ ‘ਤੇ ਪਹੁੰਚੇ, ਜਦੋਂ ਜਹਾਜ਼ ਦੇ ਆਲੇ-ਦੁਆਲੇ ਧੂੰਆਂ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ‘ਚ ਜਹਾਜ਼ ਦੇ ਅੰਡਰਕੈਰੇਜ, ਸ਼ਾਇਦ ਲੈਂਡਿੰਗ ਗੀਅਰ ਨੂੰ ਲੈਂਡਿੰਗ ਦੌਰਾਨ ਅੱਗ ਲੱਗਦੀ ਦਿਖਾਈ ਦਿੰਦੀ ਹੈ।