-ਸੂਚੀ ‘ਚ 30 ਪੰਜਾਬੀ ਵੀ ਸ਼ਾਮਲ
ਵਾਸ਼ਿੰਗਟਨ, 10 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ 90 ਭਾਰਤੀਆਂ ਦੀ ਸੂਚੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ (ਡੀ.ਐੱਚ.ਐੱਸ.) ਵੱਲੋਂ ਜਨਤਕ ਕਰ ਦਿੱਤੀ ਗਈ ਹੈ। ਇਸ ਸੂਚੀ ਵਿਚ ਘੱਟੋ-ਘੱਟ 30 ਪੰਜਾਬੀ ਸ਼ਾਮਲ ਹਨ, ਜੋ ਕਿ ਕਤਲ, ਨਸ਼ਾ ਤਸਕਰੀ, ਲੁੱਟ-ਖੋਹ, ਘਰੇਲੂ ਹਿੰਸਾ ਅਤੇ ਧੋਖਾਧੜੀ ਵਰਗੇ ਗੰਭੀਰ ਅਪਰਾਧਾਂ ਵਿਚ ਦੋਸ਼ੀ ਠਹਿਰਾਏ ਗਏ ਹਨ। ਜਾਣਕਾਰੀ ਅਨੁਸਾਰ, ਇਨ੍ਹਾਂ ਵਿਚੋਂ ਬਹੁਤਿਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਵੀ ਜਲਦੀ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ।
ਏਜੰਟਾਂ ਦੇ ਅੜਿੱਕੇ ਆਏ ਭਾਰਤੀਆਂ ਦੀ ਸੂਚੀ ‘ਚ ਜਿਨ੍ਹਾਂ ਪ੍ਰਮੁੱਖ ਭਾਰਤੀਆਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ ਵਿਚ ਕੁਲਦੀਪ ਸਿੰਘ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪਿੰਦਰ ਸਿੰਘ, ਸੁਖਦੇਵ ਸਿੰਘ, ਬਲਜਿੰਦਰ ਸਿੰਘ ਅਵੀ ਪਟੇਲ, ਉਦਿਤ ਮਹਿਰਾ, ਦਰਸ਼ਨ ਕੁਮਾਰ ਪਟੇਲ, ਪ੍ਰਦੀਪ ਪਟੇਲ, ਭਾਵੇਸ਼ ਕੁਮਾਰ ਸ਼ੁਕਲਾ, ਬ੍ਰਿਜੇਸ਼ ਗੋਇਲ, ਰਾਜੇਸ਼ ਕੁਮਾਰ, ਰਫ਼ੀਕ ਅਲੀ ਵੀਰਾਨੀ, ਸੁਸ਼ੀਲ ਕੁਮਾਰ, ਕੁਨਾਲ ਛੇਤਰੀ, ਮਨੀਸ਼ ਕੁਮਾਰ, ਸ਼ੁਭਮ ਮਿੱਤਲ, ਇਰਫ਼ਾਨ ਅਲੀ ਮੋਮਿਨ, ਮੁਹੰਮਦ ਮੋਹਸਿਨ ਅਤੇ ਮੀਤ ਪਟੇਲ ਆਦਿ ਸ਼ਾਮਲ ਹਨ।
ਸੂਤਰਾਂ ਅਨੁਸਾਰ, ਅਵਤਾਰ ਸਿੰਘ ਢਿੱਲੋਂ ਨੂੰ ਬੋਸਟਨ ਦੀ ਅਦਾਲਤ ਨੇ ਦਸੰਬਰ 2024 ਵਿਚ ਫਰੌਡ ਦੇ ਮਾਮਲੇ ਵਿਚ ਚਾਰ ਮਹੀਨੇ ਦੀ ਕੈਦ ਸੁਣਾਈ ਸੀ। ਉਸ ਵਿਰੁੱਧ ਕੈਨੇਡਾ ਵਿਚ ਵੀ ਨਸ਼ਾ ਤਸਕਰੀ ਦੇ ਮਾਮਲੇ ਚੱਲ ਰਹੇ ਹਨ। ਇੱਕ ਹੋਰ ਮਾਮਲੇ ਵਿਚ, ਅਜੇਪਾਲ ਢਿੱਲੋਂ ਨੂੰ ਪੀਸ ਬ੍ਰਿਜ ‘ਤੇ 948 ਕਿਲੋ ਕੈਨਾਬਿਸ (ਭੰਗ) ਅਤੇ 50 ਕਿਲੋ ਕੈਟਾਮੀਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਹੁਣ ਕੈਨੇਡਾ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਡੀ.ਐੱਚ.ਐੱਸ. ਦਾ ਕਹਿਣਾ ਹੈ ਕਿ ਹੁਣ ਤੱਕ ਅਮਰੀਕਾ ਵਿਚ 25 ਹਜ਼ਾਰ ਤੋਂ ਵੱਧ ਅਪਰਾਧੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਨਿਊਯਾਰਕ ਅਤੇ ਕੈਲੀਫੋਰਨੀਆ ਵਰਗੇ ਸੂਬਿਆਂ ਵਿਚ ਸਥਾਨਕ ਸਰਕਾਰਾਂ ਵੱਲੋਂ ਅਪਰਾਧੀਆਂ ਨੂੰ ਰਿਹਾਅ ਕੀਤੇ ਜਾਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ।
ਨਿਊਯਾਰਕ ਵਿਚ 20 ਜਨਵਰੀ ਤੋਂ ਬਾਅਦ ਲਗਭਗ 7,000 ਅਪਰਾਧੀਆਂ ਨੂੰ ਜੇਲ੍ਹਾਂ ਵਿਚੋਂ ਰਿਹਾਅ ਕੀਤਾ ਗਿਆ, ਜਿਨ੍ਹਾਂ ਵਿਚ ਕਾਤਲ, ਰੇਪ ਅਤੇ ਨਸ਼ਾ ਤਸਕਰ ਸ਼ਾਮਲ ਸਨ। ਇਸੇ ਤਰ੍ਹਾਂ ਕੈਲੀਫੋਰਨੀਆ ਵਿਚ ਵੀ 4,560 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਅਪਰਾਧੀਆਂ ਨੂੰ ਰਿਹਾਅ ਕੀਤਾ ਗਿਆ ਹੈ। ਟਰੰਪ ਸਰਕਾਰ ਅਤੇ 935 ਦੇ ਅਧਿਕਾਰੀਆਂ ਨੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਅਪਰਾਧੀਆਂ ਨੂੰ ਡਿਪੋਰਟ ਕਰਨ ਵਿਚ ਮਦਦ ਕਰਨ ਅਤੇ ਉਨ੍ਹਾਂ ਨੂੰ 935 ਦੇ ਸਪੁਰਦ ਕਰਨ।
ਅਮਰੀਕਾ ‘ਚ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਗ੍ਰਿਫਤਾਰ 90 ਭਾਰਤੀਆਂ ਦੀ ਸੂਚੀ ਜਨਤਕ

