#AMERICA

ਅਮਰੀਕਾ ‘ਚ ਇਕ ਛੋਟਾ ਜਹਾਜ਼ ਇਕ ਘਰ ਉਪਰ ਡਿੱਗਾ; ਲੱਗੀ ਅੱਗ

-ਪਾਇਲਟ ਸਮੇਤ 3 ਮੌਤਾਂ
ਸੈਕਰਾਮੈਂਟੋ, 3 ਫਰਵਰੀ (ਹੁਸਨ ਲੜਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਫਲੋਰਿਡਾ ਰਾਜ ‘ਚ ਕਲੀਅਰਵਾਟਰ ਖੇਤਰ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਕੇ ਇਕ ਘਰ ਉਪਰ ਆ ਡਿੱਗਾ, ਜਿਸ ਉਪਰੰਤ ਜਹਾਜ਼ ਨੂੰ ਅੱਗ ਲੱਗ ਗਈ। ਇਸ ਘਟਨਾ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ। ਫੈਡਰਲ ਐਵੀਏਸ਼ਨ ਅਡਮਿਨਿਸਟ੍ਰੇਸ਼ਨ ਦੀ ਰਿਪੋਰਟ ਅਨੁਸਾਰ ਜਿਸ ਘਰ ਉਪਰ ਜਹਾਜ਼ ਡਿੱਗਾ, ਉਸ ਵਿਚ ਰਹਿੰਦੇ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤੀਸਰਾ ਮ੍ਰਿਤਕ ਜਹਾਜ਼ ਦਾ ਪਾਇਲਟ ਹੈ। ਜਹਾਜ਼ ਵਿਚ ਹੋਰ ਕੋਈ ਵੀ ਵਿਅਕਤੀ ਸਵਾਰ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਹਾਜ਼ ਅਣਜਾਣੇ ਹਾਲਾਤ ਵਿਚ ਮੋਬਾਇਲ ਹੋਮ ਪਾਰਕ ਵਿਚ ਤਬਾਹ ਹੋਇਆ ਹੈ ਤੇ ਇਹ ਵੀ ਰਿਪੋਰਟ ਹੈ ਕਿ ਡਿੱਗਣ ਤੋਂ ਪਹਿਲਾਂ ਹੀ ਜਹਾਜ਼ ਨੂੰ ਅੱਗ ਲੱਗ ਗਈ ਸੀ। ਅੱਗ ਬੁਝਾਊ ਤੇ ਰਾਹਤ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਘਰ ਵਿਚ 9 ਲੋਕ ਰਹਿੰਦੇ ਸਨ ਪਰੰਤੂ ਹਾਦਸੇ ਵੇਲੇ ਘਰ ਵਿਚ 2 ਹੀ ਲੋਕ ਸਨ, ਜੋ ਮਾਰੇ ਗਏ।