#AUSTRALIA

ਅਮਰੀਕਾ-ਕੈਨੇਡਾ ਮਗਰੋਂ ਹੁਣ ਆਸਟ੍ਰੇਲੀਆ ਵੱਲੋਂ ਇਮੀਗ੍ਰਮੇਸ਼ਨ ਨਿਯਮਾਂ ‘ਚ ਸਖਤੀ

-ਸਟੂਡੈਂਟ ਵੀਜ਼ਾ ਲਈ ‘ਸਭ ਤੋਂ ਵੱਧ ਖ਼ਤਰੇ’ ਵਾਲੀ ਸ਼੍ਰੇਣੀ ‘ਚ ਭਾਰਤ ਨੂੰ ਕੀਤਾ ਸ਼ਾਮਲ
ਸਿਡਨੀ, 12 ਜਨਵਰੀ (ਪੰਜਾਬ ਮੇਲ)- ਅਮਰੀਕਾ-ਕੈਨੇਡਾ ਤੇ ਇੰਗਲੈਂਡ ਨੇ ਜਿੱਥੇ ਆਪਣੇ ਇਮੀਗ੍ਰੇਸ਼ਨ ਨਿਯਮ ਸਖ਼ਤ ਕਰ ਦਿੱਤੇ ਹਨ, ਉੱਥੇ ਹੀ ਆਸਟ੍ਰੇਲੀਆ ਸਰਕਾਰ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਭਾਰਤ, ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਨੂੰ ਸਟੂਡੈਂਟ ਵੀਜ਼ਾ ਲਈ ‘ਸਭ ਤੋਂ ਵੱਧ ਖ਼ਤਰਨਾਕ’ (Evidence Level 3) ਸ਼੍ਰੇਣੀ ਵਿਚ ਸ਼ਾਮਲ ਕਰ ਦਿੱਤਾ ਹੈ। ਇਹ ਨਵਾਂ ਨਿਯਮ 8 ਜਨਵਰੀ 2026 ਤੋਂ ਲਾਗੂ ਹੋ ਗਿਆ ਹੈ।
ਨਵੇਂ ਨਿਯਮਾਂ ਮੁਤਾਬਕ ਹੁਣ ਵਿਦਿਆਰਥੀਆਂ ਨੂੰ ਆਪਣੀ ਵਿੱਤੀ ਸਥਿਤੀ, ਜਿਵੇਂ ਕਿ 3 ਮਹੀਨਿਆਂ ਦੀ ਬੈਂਕ ਸਟੇਟਮੈਂਟ ਅਤੇ ਅਕਾਦਮਿਕ ਰਿਕਾਰਡਾਂ ਦੇ ਵਧੇਰੇ ਪੁਖ਼ਤਾ ਸਬੂਤ ਦੇਣੇ ਪੈਣਗੇ। ਇਸ ਦੇ ਨਾਲ ਹੀ ਵੀਜ਼ਾ ਅਰਜ਼ੀਆਂ ਦੀ ਜਾਂਚ ਹੁਣ ਜ਼ਿਆਦਾ ਬਾਰੀਕੀ ਨਾਲ ਕੀਤੀ ਜਾਵੇਗੀ, ਜਿਸ ਕਾਰਨ ਪ੍ਰੋਸੈਸਿੰਗ ਦਾ ਸਮਾਂ ਪਹਿਲਾਂ ਦੇ 3 ਹਫ਼ਤਿਆਂ ਤੋਂ ਵਧ ਕੇ 8 ਹਫ਼ਤਿਆਂ ਤੱਕ ਜਾ ਸਕਦਾ ਹੈ। ਅਧਿਕਾਰੀ ਬੈਂਕਾਂ ਅਤੇ ਵਿਦਿਅਕ ਸੰਸਥਾਵਾਂ ਤੋਂ ਸਿੱਧੇ ਤੌਰ ‘ਤੇ ਦਸਤਾਵੇਜ਼ਾਂ ਦੀ ਤਸਦੀਕ ਕਰ ਸਕਦੇ ਹਨ ਅਤੇ ਬਾਇਓਮੈਟ੍ਰਿਕਸ ਦੀ ਇੰਟਰਪੋਲ ਰਾਹੀਂ ਜਾਂਚ ਕੀਤੀ ਜਾ ਸਕਦੀ ਹੈ।
ਸਰਕਾਰ ਨੇ ਇਹ ਕਦਮ ਜਾਅਲੀ ਦਸਤਾਵੇਜ਼ਾਂ ਜਿਵੇਂ ਕਿ ਫਰਜ਼ੀ ਡਿਗਰੀਆਂ ਅਤੇ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਹੈ। ਮਾਹਿਰਾਂ ਅਨੁਸਾਰ, ਅਮਰੀਕਾ, ਕੈਨੇਡਾ ਅਤੇ ਯੂ.ਕੇ. ਵਿਚ ਸਖ਼ਤੀ ਹੋਣ ਕਾਰਨ ਆਸਟ੍ਰੇਲੀਆ ਲਈ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਧੀ ਹੈ, ਜਿਸ ਨਾਲ ਫਰਜ਼ੀ ਦਸਤਾਵੇਜ਼ਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਅਰਜ਼ੀਆਂ ਸਮੇਂ ਤੋਂ ਪਹਿਲਾਂ ਜਮ੍ਹਾਂ ਕਰਵਾਉਣ ਅਤੇ ਸਾਰੇ ਵਿੱਤੀ ਤੇ ਅਕਾਦਮਿਕ ਦਸਤਾਵੇਜ਼ ਸਹੀ ਅਤੇ ਤਸਦੀਕਸ਼ੁਦਾ ਹੋਣੇ ਯਕੀਨੀ ਬਣਾਉਣ। ਇਹ ਬਦਲਾਅ ਕੋਈ ਪਾਬੰਦੀ ਨਹੀਂ ਹੈ, ਸਗੋਂ ਸਿਰਫ਼ ਅਸਲੀ ਤੇ ਯੋਗ ਵਿਦਿਆਰਥੀਆਂ ਨੂੰ ਹੀ ਮੌਕਾ ਮਿਲੇ, ਇਸ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਸਖ਼ਤੀ ਹੈ।