#OTHERS

ਅਮਰੀਕਾ-ਇਰਾਨ-ਇਜ਼ਰਾਈਲ ਜੰਗ : ਇਰਾਨ ਵੱਲੋਂ ਇਜ਼ਰਾਈਲ ਦੇ ਕੈਮੀਕਲ ਪਲਾਂਟ ‘ਤੇ ਹਮਲਾ

-ਜ਼ਹਿਰੀਲੀ ਗੈਸ ਲੀਕ ਹੋਣ ਦੀ ਚਿਤਾਵਨੀ
ਤਹਿਰਾਨ, 30 ਮਾਰਚ (ਪੰਜਾਬ ਮੇਲ)- ਇਰਾਨ ਨੇ ਦੱਖਣੀ ਇਜ਼ਰਾਈਲ ਵਿਚ ਸਥਿਤ ਇੱਕ ਕੈਮੀਕਲ ਪਲਾਂਟ ‘ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਕਾਰਨ ਪਲਾਂਟ ਵਿਚ ਅੱਗ ਲੱਗ ਗਈ। ਇਹ ਹਮਲਾ ਨਿਓਤ ਹੋਵਾਵ ਉਦਯੋਗਿਕ ਖੇਤਰ ਵਿਚ ਹੋਇਆ ਹੈ, ਜੋ ਬੀਅਰਸ਼ੇਵਾ ਸ਼ਹਿਰ ਤੋਂ ਲਗਪਗ 9 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਹਮਲੇ ਤੋਂ ਬਾਅਦ ਪਲਾਂਟ ਵਿਚ ਮੌਜੂਦ ਖ਼ਤਰਨਾਕ ਰਸਾਇਣਾਂ ਕਾਰਨ ਇਲਾਕੇ ਵਿਚ ਜ਼ਹਿਰੀਲੀ ਗੈਸ ਫੈਲਣ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ। ਧਮਾਕੇ ਵਿਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਖਿੜਕੀਆਂ-ਦਰਵਾਜ਼ੇ ਪੂਰੀ ਤਰ੍ਹਾਂ ਬੰਦ ਰੱਖਣ ਦੀ ਸਲਾਹ ਦਿੱਤੀ ਹੈ।  ਇਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨੇ ਚਿਤਾਵਨੀ ਦਿੱਤੀ ਹੈ ਕਿ ਇੱਕ ਪ੍ਰਮੁੱਖ ਇਰਾਨੀ ਅਕਾਦਮਿਕ ਸੰਸਥਾ ‘ਤੇ ਹੋਏ ਹਮਲਿਆਂ ਦੇ ਜਵਾਬ ਵਿਚ ਪੱਛਮੀ ਏਸ਼ੀਆ ਵਿਚ ਇਜ਼ਰਾਈਲ ਅਤੇ ਅਮਰੀਕਾ ਨਾਲ ਸਬੰਧਤ ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਉੱਧਰ ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਹੁਣ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਈ ਹੈ ਕਿਉਂਕਿ ਯਮਨ ਦੇ ਹੂਤੀ ਬਾਗੀਆਂ ਨੇ ਪਹਿਲੀ ਵਾਰ ਸਿੱਧੇ ਤੌਰ ‘ਤੇ ਇਜ਼ਰਾਈਲ ‘ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਸਥਿਤੀ ਨੂੰ ਸੰਭਾਲਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ‘ਮਰੀਨ’ (ਫੌਜੀ) ਖੇਤਰ ਵਿਚ ਭੇਜ ਦਿੱਤੇ ਹਨ, ਜਿਨ੍ਹਾਂ ਦੀ ਪਹਿਲੀ ਟੁਕੜੀ ਪਹੁੰਚ ਚੁੱਕੀ ਹੈ। ਅਮਰੀਕਾ ਆਉਣ ਵਾਲੇ ਹਫਤਿਆਂ ਵਿਚ ਇਰਾਨ ਵਿਚ ਜ਼ਮੀਨੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਇਸ ਜੰਗ ਕਾਰਨ ਵਿਸ਼ਵ ਅਰਥਵਿਵਸਥਾ ਅਤੇ ਊਰਜਾ ਸਪਲਾਈ ‘ਤੇ ਬੁਰਾ ਅਸਰ ਪੈ ਰਿਹਾ ਹੈ, ਜਦੋਂਕਿ ਇਜ਼ਰਾਈਲ ਵੱਲੋਂ ਲਗਾਤਾਰ ਇਰਾਨ ਅਤੇ ਲਿਬਨਾਨ ਵਿਚ ਸਰਕਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦੂਜੇ ਪਾਸੇ, ਇਰਾਨ ਨੇ ਵੀ ਜਵਾਬੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਾਊਦੀ ਅਰਬ ਵਿਚ ਇੱਕ ਅਮਰੀਕੀ ਜੰਗੀ ਟਿਕਾਣੇ ‘ਤੇ ਹੋਏ ਹਮਲੇ ਵਿਚ 12 ਅਮਰੀਕੀ ਸੈਨਿਕ ਜ਼ਖ਼ਮੀ ਹੋ ਗਏ ਹਨ। ਇਸ ਤੋਂ ਇਲਾਵਾ ਇਰਾਨ ਨੇ ਬਹਿਰੀਨ ਅਤੇ ਕੁਵੈਤ ਵਰਗੇ ਖਾੜੀ ਦੇਸ਼ਾਂ ਵਿਚ ਵੀ ਕਈ ਥਾਵਾਂ ‘ਤੇ ਹਮਲੇ ਕੀਤੇ ਹਨ, ਜਿਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਦੱਸਿਆ ਕਿ ਦੋ ਵੱਡੇ ਐੱਲ.ਪੀ.ਜੀ. ਜਹਾਜ਼ ਬੀ.ਡਬਲਯੂ. ਟੀ.ਵਾਈ.ਆਰ. ਅਤੇ ਬੀ.ਡਬਲਯੂ. ਈ.ਐੱਲ.ਐੱਮ. ਲਗਪਗ 94,000 ਮੀਟ੍ਰਿਕ ਟਨ ਗੈਸ ਲੈ ਕੇ ਸੁਰੱਖਿਅਤ ਤਰੀਕੇ ਨਾਲ ਭਾਰਤ ਵੱਲ ਵਧ ਰਹੇ ਹਨ। ਇਨ੍ਹਾਂ ਵਿਚੋਂ ਇੱਕ ਜਹਾਜ਼ 31 ਮਾਰਚ ਤੱਕ ਮੁੰਬਈ ਅਤੇ ਦੂਜਾ 1 ਅਪ੍ਰੈਲ ਤੱਕ ਨਿਊ ਮੰਗਲੌਰ ਪਹੁੰਚਣ ਦੀ ਉਮੀਦ ਹੈ। ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਦੇ ਬਾਵਜੂਦ ਸਰਕਾਰ ਨੇ ਭਾਰਤੀ ਜਹਾਜ਼ਾਂ ਅਤੇ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਹਨ ਅਤੇ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਵੀ ਮਦਦ ਲਈ ਤਿਆਰ ਹਨ।
ਹੋਰਮੁਜ਼ ਜਲਮਾਰਗ ਦੇ ਬੰਦ ਹੋਣ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਹਾਲਾਂਕਿ ਭਾਰਤ ਅਤੇ ਪਾਕਿਸਤਾਨ ਦੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ। ਦੁਨੀਆਂ ਭਰ ਦੇ ਨੇਤਾ ਇਸ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ।