#AMERICA

ਅਮਰੀਕਨ ਅਜ਼ਾਦੀ ਦਿਹਾੜੇ ‘ਤੇ ਵਾਸ਼ਿੰਗਟਨ ਡੀ.ਸੀ. ‘ਚ ਕੱਢੀ ਗਈ ਨੈਸ਼ਨਲ ਪਰੇਡ ‘ਚ ਸਿੱਖਸ ਆਫ਼ ਅਮੈਰਿਕਾ ਦੇ ‘ਸਿੱਖ ਫ਼ਲੋਟ’ ਦੀ ਹੋਈ ਖੂਬ ਚਰਚਾ

ਵਾਸ਼ਿੰਗਟਨ, 5 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਵੱਸਦੇ ਸਮੂਹ ਭਾਈਚਾਰਿਆਂ ਲਈ 4 ਜੁਲਾਈ ਆਜ਼ਾਦੀ ਦਾ ਦਿਨ ਬਹੁਤ ਹੀ ਖੁਸ਼ੀਆਂ ਤੇ ਉਤਸ਼ਾਹ ਵਾਲਾ ਹੁੰਦਾ ਹੈ ਅਤੇ ਇਸ ਦਿਨ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਰਾਸ਼ਟਰੀ ਪੱਧਰ ਦੀ ਇਕ ਆਜ਼ਾਦੀ ਦੀ ਨੈਸ਼ਨਲ ਪਰੇਡ ਕੱਢੀ ਜਾਂਦੀ ਹੈ।
ਕਿਸੇ ਵੀ ਭਾਈਚਾਰੇ ਨੂੰ ਇਸ ਪਰੇਡ ਵਿਚ ਆਪਣਾ ਫਲੋਟ ਸ਼ਾਮਲ ਕਰਨ ਦੀ ਪ੍ਰਵਾਨਗੀ ਮਿਲਣਾ ਬਹੁਤ ਵੱਡਾ ਕਾਰਜ ਮੰਨਿਆ ਜਾਂਦਾ ਹੈ। ਸਿੱਖਸ ਆਫ਼ ਅਮੈਰਿਕਾ ਵਲੋਂ ਪਿਛਲੇ 11 ਸਾਲਾਂ ਤੋਂ ਆਪਣਾ ਫ਼ਲੋਟ ਇਸ ਪਰੇਡ ਵਿਚ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਇਸ ਸਾਲ ਵੀ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਸਿੱਖਸ ਆਫ਼ ਅਮੈਰਿਕਾ ਨੂੰ ਆਜ਼ਾਦੀ ਦੀ ਰਾਸ਼ਟਰੀ ਪਰੇਡ ਵਿਚ ਸਿੱਖ ਫ਼ਲੋਟ ਸ਼ਾਮਲ ਕਰਨ ਦੀ ਪ੍ਰਵਾਨਗੀ ਮਿਲੀ ਤੇ ਸਿੱਖਸ ਆਫ਼ ਅਮੈਰਿਕਾ ਨੇ ਇਸ ਪਰੇਡ ਵਿਚ ਸਿੱਖ ਫ਼ਲੋਟ ਸ਼ਾਮਲ ਕਰਕੇ ਸਭ ਭਾਈਚਾਰਿਆਂ ਦਾ ਦਿਲ ਜਿੱਤ ਲਿਆ। ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਫ਼ਲੋਟ ਨੂੰ ਐੱਲ.ਈ.ਡੀ. ਸਕਰੀਨ ਨਾਲ ਸਜਾਇਆ ਗਿਆ ਸੀ, ਜਿਸ ਵਿਚ ਸਿੱਖ ਧਰਮ ਦੇ ਪੁਰਾਤਨ ਅਤੇ ਅਜੋਕੇ ਇਤਿਹਾਸ ਨੂੰ ਦਰਸਾਇਆ ਗਿਆ।
ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖਸ ਆਫ਼ ਅਮੈਰਿਕਾ ਦਾ ਮੁੱਖ ਮਕਸਦ ਦੂਜੇ ਭਾਈਚਾਰਿਆਂ ਨੂੰ ਸਿੱਖੀ ਦੀ ਪਛਾਣ ਅਤੇ ਸਿੱਖੀ ਦੇ ਸੰਕਲਪ ਬਾਰੇ ਦੱਸਣ ਤੋਂ ਇਲਾਵਾ ਅਮਰੀਕਾ ‘ਚ ਫੌਜ, ਪੁਲਿਸ, ਅਕਾਦਮਿਕ, ਆਰਥਿਕ ਖ਼ੇਤਰ, ਬਿਜਨਸ ਅਤੇ ਸਿਆਸੀ ਯੋਗਦਾਨ ਬਾਰੇ ਵੀ ਦੱਸਣਾ ਸੀ। ਦੱਸਣਯੋਗ ਹੈ ਕਿ ਇਸ ਫਲੋਟ ਵਿਚ ਵਰਲਡ ਬੈਂਕ ਦੇ ਪ੍ਰਧਾਨ ਬਣੇ ਕੇਸਾਧਾਰੀ ਸਿੱਖ ਅਜੇ ਬੰਗਾ ਅਤੇ ਪ੍ਰਸਿੱਧ ਟੀ.ਵੀ. ਸ਼ੋਅ ਬਿਗ ਬ੍ਰਦਰਜ਼ ਦੇ ਜੇਤੂ ਰਹੇ ਨਵ ਬੈਂਸ ਦੀਆਂ ਪ੍ਰਾਪਤੀਆਂ ਨੂੰ ਵੀ ਦਰਸਾਇਆ ਗਿਆ ਸੀ। ਫ਼ਲੋਟ ਦੇ ਅੱਗੇ ਅੱਗੇ ਭੰਗੜਾ ਟੀਮ ਸੱਭਿਆਚਾਰਕ ਰੰਗ ਪੇਸ਼ ਕਰ ਰਹੀ ਸੀ, ਜਿਨ੍ਹਾਂ ਦੇ ਪਿੱਛੇ ਮਿੰਟਗੁਮਰੀ ਕਾਉਂਟੀ ਦੇ ਪੁਲਿਸ ਡਿਪਾਰਟਮੈਂਟ ਦੇ ਦੋ ਪਗੜੀਧਾਰੀ ਸਿੱਖ ਪੁਲਿਸ ਅਫਸਰ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਪੈਦਲ ਮਾਰਚ ਕਰਦੇ ਆ ਰਹੇ ਸਨ।
ਇਕ ਅੰਦਾਜ਼ੇ ਮੁਤਾਬਿਕ ਸੜਕ ਦੇ ਦੋਵੇਂ ਪਾਸੇ ਬੈਠੇ ਇਕ ਲੱਖ ਤੋਂ ਵੱਧ ਲੋਕਾਂ ਨੇ ਨੇੜਿਓਂ ਫ਼ਲੋਟ ਨੂੰ ਦੇਖਿਆ ਤੇ ਹੋਰ ਲੱਖਾਂ ਲੋਕਾਂ ਨੇ ਨੈਸ਼ਨਲ ਟੀ.ਵੀ. ਰਾਹੀਂ ਇਸ ਦੀਆਂ ਗਤੀਵਿਧੀਆਂ ਨੂੰ ਵਾਚਿਆ। ਸਿੱਖ ਫ਼ਲੋਟ ਦੇ ਨਾਲ ਲਾਲ ਪੱਗਾਂ, ਚਿੱਟੀਆਂ ਕਮੀਜ਼ਾਂ, ਨੀਲੀਆਂ ਪੈਂਟਾਂ ਤੇ ਅਮੈਰਿਕਨ ਫਲੈਗ ਤੇ ਸਿੱਖਸ ਆਫ ਅਮੈਰਿਕਾ ਦੇ ਲੋਗੋ ਵਾਲੀਆਂ ਟੀ-ਸ਼ਰਟਾਂ ਪਹਿਨੇ ਮਰਦ ਅਤੇ ਅਮੈਰਿਕਨ ਝੰਡੇ ਦੇ ਸਕਾਰਫ਼ ਅਤੇ ਚਿੱਟੇ ਕੱਪੜੇ ਪਹਿਨੀ ਔਰਤਾਂ ਫ਼ਲੋਟ ਦੀ ਸ਼ਾਨ ਨੂੰ ਵਧਾ ਰਹੇ ਸਨ। ਸਿੱਖ ਫ਼ਲੋਟ ਵਿਚ ਸਿੱਖਸ ਆਫ ਅਮਰਿਕਾ ਦੇ ਨੁਮਾਇੰਦੇ ਜਸਦੀਪ ਸਿੰਘ ਜੱਸੀ ਚੇਅਰਮੈਨ, ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਮੀਤ ਪ੍ਰਧਾਨ, ਦਿਲਵੀਰ ਸਿੰਘ, ਵਰਿੰਦਰ ਸਿੰਘ, ਸੁਖਪਾਲ ਧਨੋਆ, ਕੁਲਵਿੰਦਰ ਫ਼ਲੋਰਾ, ਚਤਰ ਸਿੰਘ ਸੈਣੀ, ਮਨਿੰਦਰ ਸੇਠੀ, ਇੰਦਰਜੀਤ ਗੁਜਰਾਲ, ਜਸਵਿੰਦਰ ਸਿੰਘ ਜੌਨੀ, ਗੁਰਚਰਨ ਸਿੰਘ ਸਾਬਕਾ ਵਰਲਡ ਬੈਂਕ ਅਧਿਕਾਰੀ, ਜਸਵਿੰਦਰ ਸਿੰਘ ਰੌਇਲ ਤਾਜ, ਨਿਹਾਲ ਸਿੰਘ, ਸਰਮੁੱਖ ਸਿੰਘ ਮਾਣਕੂ ਅਤੇ ਦਵਿੰਦਰ ਸਿੰਘ ਚਿੱਬ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਸਿੱਖ ਐਸੋਸੀਏਸ਼ਨ ਬਾਲਟੀਮੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ ਪ੍ਰਧਾਨ, ਚਰਨਜੀਤ ਸਿੰਘ ਸਰਪੰਚ ਚੇਅਰਮੈਨ, ਗੁਰਦਿਆਲ ਸਿੰਘ ਭੋਲਾ, ਗੁਰਦੇਵ ਘੋਤੜਾ, ਸੁਰਜੀਤ ਸਿੰਘ ਗੋਲਡੀ, ਜਰਨੈਲ ਸਿੰਘ ਟੀਟੂ, ਜਸਵੰਤ ਸਿੰਘ ਧਾਲੀਵਾਲ ਅਤੇ ਡੰਡਾਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਜੋਗਿੰਦਰ ਸਿੰਘ ਸਮਰਾ ਸ਼ਾਮਿਲ ਹੋਏ। ਪਰੇਡ ਵਿਚ ਸ਼ਾਮਲ ਲੋਕਾਂ ਵਿਚ ਸਿੱਖ ਫਲੋਟ ਖਿੱਚ ਦਾ ਕੇਂਦਰ ਬਣਿਆ ਰਿਹਾ ਅਤੇ ਹਰ ਭਾਈਚਾਰੇ ਵਿਚ ਸਿੱਖਸ ਆਫ ਅਮੈਰਿਕਾ ਦੇ ਇਸ ਸਿੱਖ ਫਲੋਟ ਦੀ ਖੂਬ ਚਰਚਾ ਹੁੰਦੀ ਰਹੀ।