ਟੈਕਸਾਸ, 3 ਦਸੰਬਰ (ਪੰਜਾਬ ਮੇਲ)- ਟੈਕਸਾਸ ਦੇ ਫੋਰਟਵਰਥ ਵਿਚ ਰਹਿਣ ਵਾਲੇ ਅਫਗਾਨਿਸਤਾਨ ਦੇ ਨਾਗਰਿਕ 30 ਸਾਲਾ ਮੁਹੰਮਦ ਦਾਊਦ ਐਲੋਕੋਜ਼ੇ ਵੱਲੋਂ ਟਿਕਟਾਕ, ਐਕਸ ਅਤੇ ਫੇਸਬੁੱਕ ‘ਤੇ ਇੱਕ ਵੀਡੀਓ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵਿਚ ਉਸ ਨੇ ਅਮਰੀਕੀਆਂ ਅਤੇ ਹੋਰਨਾਂ ਨੂੰ ਮਾਰਨ ਲਈ ਬੰਬ ਬਣਾਉਣ ਅਤੇ ਆਤਮਘਾਤੀ ਹਮਲਾ ਕਰਨ ਬਾਰੇ ਕਿਹਾ ਹੈ। ਮੁਹੰਮਦ ਦਾਊਦ ਵੱਲੋਂ ਇਹ ਬਿਆਨ ਸੋਸ਼ਲ ਮੀਡੀਆ ‘ਤੇ ਪਿਛਲੇ ਦਿਨੀਂ ਦਿੱਤਾ ਗਿਆ ਸੀ। ਇਸ ਸੰਬੰਧੀ ਟੈਕਸਾਸ ਦੀ ਯੂ.ਐੱਸ. ਜ਼ਿਲ੍ਹਾ ਅਦਾਲਤ ਵਿਚ ਸੰਯੁਕਤ ਰਾਜ ਅਮਰੀਕਾ ਬਨਾਮ ਦਾਊਦ ਐਲੋਕੋਜ਼ੇ ਦੇ ਖਿਲਾਫ ਸ਼ਿਕਾਇਤ ਨੰਬਰ 25/MJ/730 ਤਹਿਤ ਦਰਜ ਕੀਤੀ ਗਈ ਹੈ। ਇਹ ਅਫਗਾਨ ਨਾਗਰਿਕ ਬਾਇਡਨ ਪ੍ਰਸ਼ਾਸਨ ਦੌਰਾਨ ਅਮਰੀਕਾ ਆਇਆ ਸੀ। ਉਸ ‘ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਉਹ ਇਥੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਲਈ ਹੀ ਆਇਆ ਸੀ। ਇਸ ਦੀ ਜਾਣਕਾਰੀ ਅਟਾਰਨੀ ਜਨਰਲ ਪਾਮੇਲਾ ਬਾਊਂਡੀ ਨੇ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਬਾਇਡਨ ਪ੍ਰਸ਼ਾਸਨ ਵੱਲੋਂ ਜਾਂਚ ਵਿਚ ਕਮੀ ਹੋਣ ਕਾਰਨ ਜਨਤਕ ਸੁਰੱਖਿਆ ਦਾ ਖਤਰਾ ਵੱਧ ਗਿਆ ਹੈ। ਪਾਮੇਲਾ ਨੇ ਕਿਹਾ ਕਿ ਨਿਆਂ ਵਿਭਾਗ ਇਸ ਦੇ ਖਿਲਾਫ ਸੰਘਰਸ਼ ਜਾਰੀ ਰੱਖੇਗੀ, ਤਾਂ ਜੋ ਅਮਰੀਕੀ ਨਾਗਰਿਕਾਂ ਨੂੰ ਬਚਾਇਆ ਜਾ ਸਕੇ। ਪਾਮੇਲਾ ਨੇ ਕਿਹਾ ਕਿ ਅਮਰੀਕਾ ਲਈ ਇਸ ਤਰ੍ਹਾਂ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਅਮਰੀਕੀ ਅਟਾਰਨੀ ਰਿਆਨ ਰੇਬੋਲਡ ਨੇ ਉਸ ਦੀ ਗ੍ਰਿਫਤਾਰੀ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਜਨਤਕ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਵਾਲੇ ਵਿਅਕਤੀਆਂ ਨੂੰ ਨਿਆਂ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਇਸ ਦੇ ਲਈ ਉਨ੍ਹਾਂ ਐੱਫ.ਬੀ.ਆਈ. ਦੀ ਵੀ ਤਾਰੀਫ ਕੀਤੀ।
ਐਲੋਕੋਜ਼ੇ ਨੇ ਪਿਛਲੇ ਦਿਨੀਂ ਇੱਕ ਧਮਕੀ ਭਰਿਆ ਵੀਡੀਓ ਬਣਾਇਆ ਸੀ, ਜਿਸ ਨੂੰ ਕਈ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਗਿਆ ਸੀ ਅਤੇ ਇਸ ਵਿਚ ਉਹ ਅਫਗਾਨੀ ਬੋਲੀ ਵਿਚ ਗੁੱਸੇ ਨਾਲ ਆਪਣੀ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਸੀ। ਉਸ ਸਮੇਂ ਉਹ ਘੱਟੋ-ਘੱਟ ਦੋ ਹੋਰ ਮਰਦਾਂ ਨਾਲ ਗੱਲ ਕਰ ਰਿਹਾ ਸੀ। ਉਸ ਮੌਕੇ ਉਹ ਕਹਿ ਰਿਹਾ ਸੀ ਕਿ ਕਾਫਰਾਂ ਅਤੇ ਅਮਰੀਕੀਆਂ ‘ਤੇ ਆਤਮਘਾਤੀ ਹਮਲਾ ਕਰਨ ਦੀ ਲੋੜ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੀ ਗੱਡੀ ‘ਚ ਇੱਕ ਬੰਬ ਫਿੱਟ ਕਰੇਗਾ ਅਤੇ ਨਾਲ ਦੀ ਨਾਲ ਇਕ ਜ਼ਹਿਰੀਲੇ ਤਰਲ ਪਦਾਰਥ ਦੀ ਵੀ ਵਰਤੋਂ ਕਰੇਗਾ। ਇਸ ਦੌਰਾਨ ਉਸ ਨੇ ਇਹ ਵੀ ਕਿਹਾ ਕਿ ਤਾਲਿਬਾਨ ਉਸ ਨੂੰ ਪਿਆਰੇ ਸਨ ਅਤੇ ਉਹ ਅਮਰੀਕਾ ਵਿਚ ਸਥਾਨਕ ਲੋਕਾਂ ਨੂੰ ਮਾਰਨ ਲਈ ਆਇਆ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਦੇਸ਼ ਨਿਕਾਲੇ ਜਾਂ ਮਾਰੇ ਜਾਣ ਤੋਂ ਨਹੀਂ ਡਰਦਾ।
ਐਲੋਕੋਜ਼ੇ ਇਸ ਸਮੇਂ ਮੈਜਿਸਟ੍ਰੇਟ ਦੇ ਸਾਹਮਣੇ ਸ਼ੁਰੂਆਤੀ ਪੇਸ਼ੀ ਅਤੇ ਅਦਾਲਤੀ ਕਾਰਵਾਈ ਤੱਕ ਹਿਰਾਸਤ ਵਿਚ ਹੈ।
ਇਸ ਕੇਸ ਦੀ ਜਾਂਚ ਐੱਫ.ਬੀ.ਆਈ. ਡੈਲਸ ਫੀਲਡ ਦਫਤਰ ਦੁਆਰਾ ਫੋਰਟਵਰਥ ਰੈਜ਼ੀਡੈਂਸੀ ਏਜੰਸੀ ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਦੁਆਰਾ, ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਅਤੇ ਫੋਰਟਵਰਥ ਪੁਲਿਸ ਡਿਪਾਰਟਮੈਂਟ ਦੀ ਸਹਾਇਤਾ ਨਾਲ ਕੀਤੀ ਗਈ ਸੀ। ਹੁਣ ਕੋਰਟ ਕੀ ਫੈਸਲਾ ਕਰਦੀ ਹੈ, ਇਹ ਸਮਾਂ ਆਉਣ ‘ਤੇ ਪਤਾ ਲੱਗੇਗਾ।
ਅਫਗਾਨ ਨਾਗਰਿਕ ਵੱਲੋਂ ਅਮਰੀਕੀਆਂ ਨੂੰ ਮਾਰਨ ਲਈ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਧਮਕੀਆਂ

