#PUNJAB

ਅਫਗਾਨਿਸਤਾਨ ਤੋਂ ਆਏ 14 ਟਰੱਕ ਅਟਾਰੀ ਸਰਹੱਦ ਰਸਤੇ ਭਾਰਤ ਪੁੱਜੇ

ਅੱਜ ਦੂਜੇ ਦਿਨ ਸੁੱਕੇ ਮੇਵੇ ਤੇ ਹੋਰ ਮਾਲ ਦੇ ਨਾਲ ਲੱਦੇ 14 ਟਰੱਕ ਅਟਾਰੀ ਪੁੱਜੇ
ਅੰਮ੍ਰਿਤਸਰ, 17 ਮਈ (ਪੰਜਾਬ ਮੇਲ)- ਅਫਗਾਨਿਸਤਾਨ ਤੋਂ ਆਏ ਹੋਏ ਸੁੱਕੇ ਮੇਵੇ ਤੇ ਹੋਰ ਮਾਲ ਦੇ ਨਾਲ ਲੱਦੇ ਲਗਭਗ 14 ਟਰੱਕ ਅੱਜ ਦੂਜੇ ਦਿਨ ਵੀ ਪਾਕਿਸਤਾਨ ਰਸਤੇ ਭਾਰਤੀ ਸਰਹੱਦ ਵਿਚ ਅਟਾਰੀ ਆਈ ਸੀ.ਪੀ. ਵਿਖੇ ਪੁੱਜੇ ਹਨ। ਬੀਤੇ ਦਿਨ ਵੀ ਲਗਭਗ ਦਰਜਨ ਭਰ ਅਫਗਾਨਿਸਤਾਨੀ ਟਰੱਕ ਅਟਾਰੀ ਆਈ.ਸੀ.ਪੀ. ਪੁੱਜੇ ਸਨ।
ਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਰੋਸ ਵਜੋਂ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਬੰਧ ਤੋੜ ਲਏ ਗਏ ਸਨ ਅਤੇ ਇਸੇ ਤਹਿਤ ਹੀ ਅਟਾਰੀ ਸਰਹੱਦ ਨੂੰ ਵਪਾਰ ਅਤੇ ਆਵਾਜਾਈ ਵਾਸਤੇ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਅਫਗਾਨਿਸਤਾਨ ਤੋਂ ਭਾਰਤੀ ਵਪਾਰੀਆਂ ਦੇ ਆਏ ਹੋਏ ਟਰੱਕ ਵੀ ਅਟਾਰੀ ਆਈ.ਸੀ.ਪੀ. ਵਿਖੇ ਨਹੀਂ ਦਾਖਲ ਹੋ ਸਕੇ ਸਨ।
ਮਿਲੀ ਜਾਣਕਾਰੀ ਦੇ ਮੁਤਾਬਕ ਅਜਿਹੇ ਲਗਭਗ 150 ਤੋਂ ਵੱਧ ਟਰੱਕ ਪਾਕਿਸਤਾਨ ਵਾਲੇ ਪਾਸੇ ਵੱਖ-ਵੱਖ ਥਾਵਾਂ ‘ਤੇ ਰੁਕੇ ਹੋਏ ਸਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋਣ ਤੋਂ ਬਾਅਦ ਇਹ ਟਰੱਕ ਭਾਰਤ ਵਿਚ ਦਾਖਲ ਹੋਏ ਹਨ। ਬੀਤੇ ਦਿਨ ਵੀ ਲਗਭਗ 12 ਤੋਂ ਵੱਧ ਟਰੱਕ ਆਈ.ਸੀ.ਪੀ. ਅਟਾਰੀ ਪੁੱਜੇ ਸਨ ਅਤੇ ਅੱਜ ਵੀ ਸ਼ਾਮ ਤੱਕ ਲਗਭਗ 14 ਟਰੱਕ ਆਈ.ਸੀ.ਪੀ. ਅਟਾਰੀ ਪੁੱਜੇ ਹਨ। ਇਨ੍ਹਾਂ ਵਿਚ ਸੁੱਕੇ ਮੇਵੇ, ਮਸਾਲੇ, ਜੜੀ ਬੂਟੀਆਂ ਤੇ ਹੋਰ ਮਾਲ ਸ਼ਾਮਲ ਹੈ।
ਆਈ.ਸੀ.ਪੀ. ‘ਚ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵਪਾਰ ਬਹਾਲੀ ਵਾਸਤੇ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਇਹ ਸਿਰਫ ਉਹੀ ਟਰੱਕ ਹਨ ਜੋ ਅਫ਼ਗਾਨਿਸਤਾਨ ਤੋਂ ਚੱਲੇ ਸਨ ਪਰ ਜੰਗਬੰਦੀ ਵਾਲੇ ਮਾਹੌਲ ਕਾਰਨ ਭਾਰਤ ਵਿਚ ਦਾਖ਼ਲ ਨਹੀਂ ਹੋ ਸਕੇ ਸਨ। ਇਹ ਟਰੱਕ ਹੁਣ ਜੰਗਬੰਦੀ ਤੋਂ ਬਾਅਦ ਭਾਰਤ ਵਿਚ ਦਾਖ਼ਲ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਇੱਕ ਪਾਸੜ ਵਪਾਰ ਚੱਲ ਰਿਹਾ ਹੈ। ਭਾਰਤੀ ਵਪਾਰੀ ਅਫਗਾਨਿਸਤਾਨ ਤੋਂ ਸੁੱਕੇ ਮੇਵੇ, ਮਸਾਲਾ, ਜੜੀ ਬੂਟੀਆਂ ਤੇ ਹੋਰ ਸਮਾਨ ਮੰਗਵਾਉਂਦੇ ਹਨ। ਇਹ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ।
ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੀ ਅਟਾਰੀ ਵਾਹਗਾ ਸਾਂਝੀ ਚੈੱਕ ਪੋਸਟ ਰਸਤੇ ਦੁਵੱਲਾ ਵਪਾਰ ਹੁੰਦਾ ਸੀ ਪਰ ਇਸ ਹਮਲੇ ਤੋਂ ਬਾਅਦ ਇਹ ਵਪਾਰ ਬੰਦ ਹੈ।
ਅਫਗਾਨਿਸਤਾਨ ਤੋਂ ਆਏ ਸੁੱਕੇ ਮੇਵੇ, ਮਸਾਲੇ ਅਤੇ ਹੋਰ ਸਾਮਾਨ ਨਾਲ ਲੱਦੇ ਹੋਏ ਇਹ ਟਰੱਕ ਅਟਾਰੀ ਆਈ.ਸੀ.ਪੀ. ਪੁੱਜਣ ਮਗਰੋਂ ਅਨਲੋਡ ਕੀਤੇ ਗਏ ਹਨ ਅਤੇ ਇਹ ਮਾਲ ਭਾਰਤੀ ਟਰੱਕਾਂ ਵਿੱਚ ਲੱਦ ਕੇ ਅੱਗੇ ਆਪਣੀ ਮੰਜ਼ਿਲ ਵੱਲ ਭੇਜਿਆ ਗਿਆ ਹੈ।
ਦੱਸਣਯੋਗ ਹੈ ਕਿ ਭਾਰਤ ਪਾਕਿਸਤਾਨ ਵਿਚਾਲੇ ਹੋਏ ਜੰਗ ਤੋਂ ਪਹਿਲਾ ਅਟਾਰੀ ਆਈ.ਸੀ.ਪੀ. ਨੂੰ ਆਵਾਜਾਈ ਵਾਸਤੇ ਮੁਕੰਮਲ ਬੰਦ ਕਰ ਦਿੱਤਾ ਗਿਆ ਸੀ। ਦੋਵਾਂ ਮੁਲਕਾਂ ਵਿਚ ਰਹਿ ਰਹੇ ਪਾਕਿਸਤਾਨੀ ਅਤੇ ਭਾਰਤੀ ਨਾਗਰਿਕਾਂ ਨੂੰ ਆਪੋ-ਆਪਣੇ ਮੁਲਕ ਵਾਪਸ ਪਰਤਨ ਲਈ ਆਖਿਆ ਗਿਆ ਸੀ। ਇਸ ਤਹਿਤ ਲਗਭਗ 2000 ਤੋਂ ਵੱਧ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਇਨ੍ਹਾਂ ਦਿਨਾਂ ਦੌਰਾਨ ਆਪਣੇ ਮੁਲਕ ਵਿਚ ਵਾਪਸ ਪਰਤ ਗਏ ਸਨ। ਅਟਾਰੀ ਸਰਹੱਦ ਆਵਾਜਾਈ ਵਾਸਤੇ ਫਿਲਹਾਲ ਹੁਣ ਵੀ ਬੰਦ ਹੈ।