ਫਾਜ਼ਿਲਕਾ, 28 ਫਰਵਰੀ (ਪੰਜਾਬ ਮੇਲ)- ਜ਼ਿਲ੍ਹੇ ਦੇ ਪਿੰਡ ਸਵਾਹਵਾਲਾ ਵਿਚ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਗੁਰਦੁਆਰੇ ‘ਚ ਲਾਵਾਂ ਦੀ ਰਸਮ ਉਪਰੰਤ ਸ਼ਗਨ ਲਈ ਸਟੇਜ ‘ਤੇ ਜਾਂਦੀ ਦੁਲਹਨ ਦੀ ਮੌਤ ਹੋ ਗਈ, ਜਿਸ ਦੀ ਪਛਾਣ 23 ਸਾਲਾ ਨੀਲਮ ਰਾਣੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੀਤੀ 26 ਫਰਵਰੀ ਨੂੰ ਨੀਲਮ ਰਾਣੀ ਪੁੱਤਰੀ ਜੈ ਚੰਦ ਬੱਟੀ ਵਾਸੀ ਪਿੰਡ ਸਵਾਹਵਾਲਾ ਦਾ ਵਿਆਹ ਨੇੜਲੇ ਪਿੰਡ ਵਸਨ ਮੋਹਨ ਦੇ ਵਾਸੀ ਮਹਿੰਦਰ ਕੁਮਾਰ ਥਿੰਦ ਦੇ ਪੁੱਤਰ ਗੁਰਪ੍ਰੀਤ ਨਾਲ ਹੋਣਾ ਤੈਅ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੰਝ ਆਉਣ ਤੋਂ ਬਾਅਦ ਨੀਲਮ ਰਾਣੀ ਅਤੇ ਗੁਰਪ੍ਰੀਤ ਸਿੰਘ ਦੇ ਗੁਰਦੁਆਰੇ ਵਿਚ ਲਾਵਾਂ ਕਰਵਾਈਆਂ ਗਈਆਂ ਸਨ, ਜਿਸ ਤੋਂ ਬਾਅਦ ਜਦੋਂ ਜੈ ਮਾਲਾ ਦੀ ਰਸਮ ਅਦਾ ਕਰਨ ਲਈ ਉਹ ਸਟੇਜ ‘ਤੇ ਜਾ ਰਹੀ ਸੀ, ਤਾਂ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ। ਨੀਲਮ ਦਾ ਚੈਕਅੱਪ ਕਰਨ ਲਈ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ ਪਰ ਸਿਹਤ ‘ਚ ਸੁਧਾਰ ਨਾ ਹੋਣ ਕਾਰਨ ਉਸ ਨੂੰ ਜਲਾਲਾਬਾਦ ਦੇ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਚੈੱਕਅਪ ਅਤੇ ਦਵਾਈ ਲੈਣ ਤੋਂ ਬਾਅਦ ਘਰ ਪਰਤਣ ਦੇ ਕੁਝ ਮਿੰਟਾਂ ਵਿਚ ਹੀ ਉਸ ਦੀ ਮੌਤ ਹੋ ਗਈ। ਨੀਲਮ ਰਾਣੀ ਦਾ ਸਸਕਾਰ ਕਰ ਦਿੱਤਾ ਗਿਆ ਹੈ।
ਅਨੰਦ ਕਾਰਜ ਤੋਂ ਬਾਅਦ ਜੈ ਮਾਲਾ ਲਈ ਸਟੇਜ ‘ਤੇ ਜਾਂਦੀ ਲਾੜੀ ਦੀ ਮੌਤ
