#CANADA

ਅਨੰਦਪੁਰ ਸਾਹਿਬ ‘ਚ ਸੰਨੀ ਓਬਰਾਏ ਵਿਵੇਕ ਸਦਨ ਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀ. ਰਲਕੇ ਮਾਰਨਗੇ ਵਿਦਿਆ  ਖੇਤਰ ‘ਚ ਹੰਭਲਾ : ਡਾ. ਐੱਸ.ਪੀ. ਸਿੰਘ ਓਬਰਾਏ

ਵੈਨਕੂਵਰ/ਟੋਰਾਂਟੋ, 14 ਜੂਨ (ਪੰਜਾਬ ਮੇਲ)- ਤੁਸੀਂ ਕਿਹੜੇ ਸਮੁੰਦਰ ਤੇ ਉਸਦੇ ਕਿਹੜੇ ਰਹੱਸ ਦੀ ਗੱਲ ਕਰਦੇ ਹੋ। ਜੇ ਤੁਸੀਂ ਸਮੁੰਦਰ ਵੇਖਣਾ ਹੈ ਜਾਂ ਉਸਦੇ ਰਹੱਸ ਦਾ ਅਨੰਦ ਮਾਨਣਾ ਹੈ, ਤਾਂ ਅਨੰਦਪੁਰ ਦਾ ਧਿਆਨ ਧਰ ਬਾਬਾ ਬਖਸ਼ਾ ਜੀ ਜਦ ਗੁਰੂ ਪਾਤਸ਼ਾਹ ਦੀ ਮੁਹੱਬਤ ਵਿਚ ਪੂਰਾ-ਸੂਰਾ ਹੋ ਇਨ੍ਹਾਂ ਸ਼ਬਦਾਂ ਨਾਲ ਅਨੰਦਪੁਰ ਸਾਹਿਬ ਦੀ ਮਹਿਮਾ ਕਰਦਾ ਹੈ, ਤਾਂ ਅੱਖਾਂ ਆਪ-ਮੁਹਾਰੇ ਮੁੰਦ ਜਾਂਦੀਆਂ ਹਨ। ਸੱਚਮੁਚ ਅਨੰਦਪੁਰ ਸਾਹਿਬ ਜਿੱਥੇ ਇਕ ਨਿਵੇਕਲੀ ਕੌਮ ਸਿਖਰ ਗ੍ਰਹਿਣ ਕਰਦੀ ਹੈ ਪਰ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਅਨੰਦਪੁਰ ਸਾਹਿਬ ਜਿਵੇਂ ਸਿਖਰ ਗ੍ਰਹਿਣ ਕਰਨਾ ਚਾਹੀਦਾ ਸੀ, ਓਵੇਂ ਕਰ ਨਾ ਸਕਿਆ ਬੇਸ਼ੱਕ ਹਾਲਾਤ ਹੁਣ ਬਹੁਤ ਬਿਹਤਰ ਹੋ ਚੁੱਕੇ ਹਨ। ਲੋਕਾਂ ਦਾ ਧਿਆਨ ਅਨੰਦਪੁਰ ਵੱਲ ਹੋਇਆ ਹੈ ਤੇ ਇਹ ਪਾਕ ਧਰਤੀ ਸੰਸਾਰ ਦੇ ਨਕਸ਼ੇ ‘ਤੇ ਆਏਗੀ, ਇਹ ਸਾਡਾ ਭਰੋਸਾ ਹੈ।
ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਪਿਛਲੇ ਸਮੇਂ ‘ਸੰਨੀ ਓਬਰਾਏ ਵਿਵੇਕ ਸਦਨ’ ਦੀ ਸਥਾਪਨਾ ਉਨ੍ਹਾਂ ਯਤਨਾਂ ਵਿਚੋਂ ਇਕ ਪ੍ਰਵਾਨ ਕਰਨੀ ਚਾਹੀਦੀ ਹੈ, ਜੋ ਅਨੰਦਪੁਰ ਸਾਹਿਬ ਦੇ ਵਿਕਾਸ ਤੇ ਵਿਗਾਸ ਲਈ ਭੂਮਿਕਾ ਨਿਭਾਉਣ ਵਾਲੇ ਯਤਨ ਹੋ ਰਹੇ ਹਨ। ਇਸ ਸਦਨ ਦਾ ਮੁੱਖ ਕਾਰਜ ਅਨੰਦਪੁਰ ਦੇ ਇਰਦ-ਗਿਰਦ ਵਿੱਦਿਆ ਦਾ ਇਕ ਅਜਿਹਾ ਸਤੰਭ ਖੜ੍ਹਾ ਕਰਨਾ ਹੈ, ਜੋ ਥੁੜਾਂ ਮਾਰੇ ਉਨ੍ਹਾਂ ਯੋਗ ਵਿਦਿਆਰਥੀਆਂ ਨੂੰ ਆਪਣੀ ਹਿੱਕ ਨਾਲ ਲਾਵੇ, ਜੋ ਵਿੱਤੀ ਕਮਜ਼ੋਰੀਆਂ ਕਾਰਨ ਕਿਤਾਬ ਤੋਂ ਹਮੇਸ਼ਾਂ ਲਈ ਦੂਰ ਹੋ ਗਏ ਤੇ ਹੋ ਰਹੇ ਹਨ। ਇਸ ਸਾਰੇ ਕਾਰਜਾਂ ਪਿੱਛੇ ਦੁਬਈ ਨਾਲ ਸਬੰਧਤ ਮਸ਼ਹੂਰ ਦਾਨੀ ਡਾ. ਐੱਸ.ਪੀ. ਸਿੰਘ ਓਬਰਾਏ ਜੀ ਦੇ ਕਾਰਜਾਂ ਵਿਚੋਂ ਵੇਖੀ ਜਾ ਸਕਦੀ ਹੈ। ਕਰੋੜਾਂ ਰੁਪਏ ਖਰਚ ਉਨ੍ਹਾਂ ਨੇ ਇਸ ਕੇਂਦਰ ਦੀ ਸਥਾਪਨਾ ਕੀਤੀ।
ਪਰ ਉਨ੍ਹਾਂ ਦੀ ਮੁਹੱਬਤੀ ਭਾਵਨਾ ਇਸ ਕਾਰਜ ਨਾਲ ਸੰਤੁਸ਼ਟ ਨਹੀਂ ਹੋਈ ਤੇ ਫਿਰ ਸੋਚ ਵਿਚਾਰ ਉਪਰੰਤ ਉਨ੍ਹਾਂ ਨੇ ਇਸ ਕੇਂਦਰ ਨੂੰ ਯੂਨੀਵਰਸਿਟੀ ਵਿਚ ਤਬਦੀਲ ਕਰਨ ਦਾ ਨਿਰਣਾ ਲੈ ਲਿਆ ਹੈ।
ਇਸ ਕਾਰਜ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੂੰ ਮਸ਼ਹੂਰ ਵਿੱਦਿਆ ਸ਼ਾਸਤਰੀ ਡਾ. ਸਰਬਜਿੰਦਰ ਸਿੰਘ ਦੀ ਚੋਣ ਵਾਈਸ ਚਾਂਸਲਰ ਵਜੋਂ ਆਉਣ ਵਾਲੇ ਸਮੇਂ ਵੱਲ ਇਸ਼ਾਰਾ ਕਰ ਦਿੱਤਾ ਹੈ। ਇਸ ਕਾਰਜ ਦਾ ਉਦੋਂ ਸਿਖਰ ਗ੍ਰਹਿਣ ਕਰ ਗਿਆ, ਜਦ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨਾਲ ਉਨ੍ਹਾਂ ਦਾ ਮੈਮੋਰੰਡਮ ਆਫ ਅੰਡਰਸਟੈਡਿੰਗ (ਐੱਮ.ਓ.ਯੂ.ਐੱਸ.) ਕੀਤਾ, ਜਿਸ ਵਿਚ ਇਸ ਯੂਨੀਵਰਸਿਟੀ ਦੇ ਬਹੁਤ ਹੀ ਮਹੱਤਵਪੂਰਨ ਕਿੱਤਾ ਮੁਖੀ ਕੋਰਸ ਇਸ ਬਣ ਰਹੀ ਯੂਨੀਵਰਸਿਟੀ ਦਾ ਹਿੱਸਾ ਹੋ ਗਏ ਹਨ। ਇਸ ਕਾਰਜ ਲਈ ਡਾ. ਐੱਸ.ਪੀ. ਸਿੰਘ ਓਬਰਾਏ ਜੀ ਦੀ ਅਗਵਾਈ ਵਿਚ ਡਾਇਰੈਕਟਰ ਸਦਨ ਡਾ. ਭੁਪਿੰਦਰ ਕੌਰ ਜੀ ਨੇ ਹਸਤਾਖਰ ਕੀਤੇ ਅਤੇ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਬਲਜੀਤ ਸਿੰਘ ਖਹਿਰਾ ਨੇ ਇਸ ਪਵਿੱਤਰ ਸੰਧੀ ‘ਤੇ ਹਸਤਾਖਰ ਕਰ ਸਹੀ ਪਾਈ। ਯੂਨੀਵਰਸਿਟੀ ਦੇ ਅਧਿਆਪਕ ਤੇ ਕਰਮਚਾਰੀ ਵੱਡੀ ਗਿਣਤੀ ਵਿਚ ਇਸ ਇਤਿਹਾਸਕ ਮੌਕੇ ‘ਤੇ ਇਕੱਠੇ ਹੋਏ। ਯੂਨੀਵਰਸਿਟੀ ਵੱਲੋਂ ਡਾ. ਵਿਨੋਦ ਕੁਮਾਰ ਨੇ ‘ਓਬਰਾਏ ਸਾਹਿਬ’ ਦੇ ਕਾਰਜਾਂ ਦੀ ਜਾਣਕਾਰੀ ਸਾਂਝੀ ਕਰ ਉਨ੍ਹਾਂ ਨੂੰ ਮਨੁੱਖਤਾ ਦਾ ਮਸੀਹਾ ਦੱਸਿਆ। ਇਸ ਤਰ੍ਹਾਂ ਰਜਿਸਟਰਾਰ ਸਾਹਿਬ ਨੇ ਕਿਹਾ ਕਿ ਮੈਂ ਇਸ ‘ਇਤਿਹਾਸਕ ਪੱਤਰ’ ‘ਤੇ ਸਹੀ ਪਾ ਖੁਦ ਮਾਣ-ਮਹਿਸੂਸ ਕਰ ਰਿਹਾ ਹਾਂ। ਪ੍ਰੋ. ਓਬਰਾਏ ਨੇ ਕਿਹਾ ਕਿ ਇਸ ਸਾਰੇ ਕਾਰਜਾਂ ਵਿਚੋਂ ਮੈਂ ਮਨਫੀ ਹਾਂ ਅਸਲ ‘ਚ ਇਹ ਗੁਰੂ ਕਿਰਪਾ ਹੈ ਤੇ ਗੁਰੂ ਨਾਨਕ ਜੀ ਨੇ ਇਹ ਬਖਸ਼ਿਸ਼ ਮੇਰੇ ‘ਤੇ ਕਰ ਦਿੱਤੀ ਹੈ। ਡਾ. ਸਰਬਜਿੰਦਰ ਸਿੰਘ ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸੰਨੀ ਓਬਰਾਏ ਸਦਨ ਦੀ ਡਾਇਰੈਕਟਰ ਤੇ ਯੂਨੀਵਰਸਿਟੀ ਵਲੋਂ 3 ਸਟਾਫੀ, ਡਾ. ਸੁਖਦੇਵ ਸਿੰਘ, ਡਾ. ਜਗਜੀਤ ਸਿੰਘ ਨੇ ਵਿਚਾਰ ਪੇਸ਼ ਕੀਤੇ।