* ਵਿਦੇਸ਼ ਦੌਰੇ ਤੋਂ ਤਿੰਨ ਦਿਨ ਪਹਿਲਾਂ ਅਦਾਲਤ ਤੇ ਈ.ਡੀ. ਨੂੰ ਕਰਨਾ ਹੋਵੇਗਾ ਸੂਚਿਤ
ਨਵੀਂ ਦਿੱਲੀ, 17 ਅਗਸਤ (ਪੰਜਾਬ ਮੇਲ)- ਦਿੱਲੀ ਦੀ ਇਕ ਅਦਾਲਤ ਨੇ ਬਾਲੀਵੁੱਡ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਨੂੰ ਬਿਨਾਂ ਮਨਜ਼ੂਰੀ ਤੋਂ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਅਤੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ 200 ਕਰੋੜ ਰੁਪਏ ਦੇ ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਇਸ ਕੇਸ ਦੇ ਸਬੰਧ ’ਚ ਅਦਾਕਾਰਾ ਨੂੰ ਦਿੱਤੀ ਜ਼ਮਾਨਤ ਦੀਆਂ ਸ਼ਰਤਾਂ ’ਚ ਕੁਝ ਬਦਲਾਅ ਕਰਦਿਆਂ ਇਹ ਮਨਜ਼ੂਰੀ ਦਿੱਤੀ ਹੈ। ਅਦਾਲਤ ਨੇ ਜੈਕੁਲਿਨ ਨੂੰ ਹਦਾਇਤ ਕੀਤੀ ਹੈ ਕਿ ਪਹਿਲਾਂ ਮਨਜ਼ੂਰੀ ਲੈਣ ਦੀ ਥਾਂ ਉਹ ਦੇਸ਼ ਤੋਂ ਬਾਹਰ ਜਾਣ ਤੋਂ ਘੱਟੋ-ਘੱਟ ਤਿੰਨ ਦਿਨ ਪਹਿਲਾਂ ਅਦਾਲਤ ਤੇ ਈ.ਡੀ. ਨੂੰ ਇਸ ਬਾਰੇ ਸੂਚਿਤ ਕਰੇਗੀ। ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਜਿਨ੍ਹਾਂ ਨੇ ਪਿਛਲੇ ਸਾਲ 15 ਨਵੰਬਰ ਨੂੰ ਫਰਨਾਂਡੇਜ਼ ਨੂੰ ਜ਼ਮਾਨਤ ਦਿੱਤੀ ਸੀ, ਨੇ ਦੇਖਿਆ ਕਿ ਆਪਣੇ ਪੇਸ਼ੇ ਮੁਤਾਬਕ ਕੰਮ ਲਈ ਅਦਾਕਾਰਾ ਨੂੰ ਕਾਫੀ ਘੱਟ ਸਮੇਂ ਦੇ ਨੋਟਿਸ ’ਤੇ ਵਿਦੇਸ਼ ਜਾਣਾ ਪੈਂਦਾ ਹੈ ਅਤੇ ਉਸ ਨੇ ਜ਼ਮਾਨਤ ਦੀਆਂ ਸ਼ਰਤਾਂ ਦਾ ਕਦੇ ਵੀ, ਕਿਸੇ ਵੀ ਸਮੇਂ ਗਲਤ ਇਸਤੇਮਾਲ ਨਹੀਂ ਕੀਤਾ ਹੈ।