ਨਵੀਂ ਦਿੱਲੀ, 30 ਨਵੰਬਰ (ਪੰਜਾਬ ਮੇਲ)- ਭਾਰਤ ਨੇ ਆਖਿਆ ਕਿ ਅਡਾਨੀ ਮਾਮਲਾ ਇਹ ਨਿੱਜੀ ਕੰਪਨੀਆਂ ਤੇ ਅਮਰੀਕੀ ਨਿਆਂ ਵਿਭਾਗ ਨਾਲ ਜੁੜਿਆ ਹੋਇਆ ਕਾਨੂੰਨੀ ਮਸਲਾ ਹੈ। ਭਾਰਤ ਨੇ ਇਹ ਗੱਲ ਅਮਰੀਕਾ ਦੇ ਵਕੀਲਾਂ ਵੱਲੋਂ ਕਾਰੋਬਾਰੀ ਗੌਤਮ ਅਡਾਨੀ ਤੇ ਕੁਝ ਹੋਰ ਵਿਅਕਤੀਆਂ ‘ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦੇ ਦੋਸ਼ ਲਾਏ ਜਾਣ ਦੇ ਕੁਝ ਦਿਨਾਂ ਬਾਅਦ ਆਖੀ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ”ਭਾਰਤ ਸਰਕਾਰ ਨੂੰ ਇਸ ਮੁੱਦੇ ਬਾਰੇ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਸੀ। ਸਾਡੇ ਨਾਲ ਅਮਰੀਕੀ ਸਰਕਾਰ ਦੀ ਇਸ ਬਾਰੇ ਕੋਈ ਗੱਲਬਾਤ ਨਹੀਂ ਹੋਈ। ਅਮਰੀਕਾ ਦੇ ਵਕੀਲਾਂ ਵੱਲੋਂ ਉਦਯੋਗਪਤੀ ‘ਤੇ ਕਥਿਤ ਧੋਖਾਧੜੀ ਦੇ ਦੋਸ਼ ਬਾਅਦ ਪਹਿਲੀ ਅਧਿਕਾਰਤ ਪ੍ਰਤੀਕਿਰਿਆ ‘ਚ ਜੈਸਵਾਲ ਨੇ ਆਖਿਆ ਕਿ ਭਾਰਤ ਨੂੰ ਮਾਮਲੇ ‘ਚ ਸਹਿਯੋਗ ਲਈ ਹਾਲੇ ਤੱਕ ਕੋਈ ਵੀ ਸੰਚਾਰ ਪੱਤਰ ਆਦਿ ਨਹੀਂ ਮਿਲਿਆ। ਭਾਰਤ ਫਿਲਹਾਲ ਕਿਸੇ ਤਰ੍ਹਾਂ ਵੀ ਇਸ ਮਾਮਲੇ ਦਾ ਹਿੱਸਾ ਨਹੀਂ ਹੈ।
ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਕਿਹਾ, ”ਇਹ ਨਿੱਜੀ ਕੰਪਨੀਆਂ ਤੇ ਵਿਅਕਤੀਆਂ ਅਤੇ ਅਮਰੀਕੀ ਨਿਆਂ ਵਿਭਾਗ ਨਾਲ ਜੁੜਿਆ ਮਾਮਲਾ ਹੈ। ਅਜਿਹੇ ਮਾਮਲਿਆਂ ‘ਚ ਸਥਾਪਤ ਪ੍ਰਕਿਰਿਆਵਾਂ ਤੇ ਕਾਨੂੰਨੀ ਤਰੀਕੇ ਹਨ। ਸਾਡਾ ਮੰਨਣਾ ਹੈ ਕਿ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ।” ਅਡਾਨੀ ਮਾਮਲੇ ‘ਚ ਕਿਸੇ ਸੰਮਨ ਜਾਂ ਵਾਰੰਟ ਸਬੰਧੀ ਸਵਾਲ ‘ਤੇ ਜੈਸਵਾਲ ਨੇ ਕਿਹਾ, ”ਭਾਰਤ ਕੋਲ ਅਜਿਹੀ ਕੋਈ ਅਪੀਲ ਨਹੀਂ ਲਾਈ।”