#AMERICA

ਅਜੈ ਬੰਗਾ ਗਾਜ਼ਾ ਦੇ ਪੁਨਰ ਨਿਰਮਾਣ ਲਈ ਟਰੰਪ ਦੀ ਯੋਜਨਾ ‘ਬੋਰਡ ਆਫ਼ ਪੀਸ’ ‘ਚ ਨਾਮਜ਼ਦ

ਨਿਊਯਾਰਕ/ਵਾਸ਼ਿੰਗਟਨ, 20 ਜਨਵਰੀ (ਪੰਜਾਬ ਮੇਲ)- ਵਿਸ਼ਵ ਬੈਂਕ ਸਮੂਹ ਦੇ ਭਾਰਤੀ-ਅਮਰੀਕੀ ਪ੍ਰਧਾਨ ਅਜੈ ਬੰਗਾ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਉਨ੍ਹਾਂ ਨੇਤਾਵਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੀ ਟਕਰਾਅ ਖ਼ਤਮ ਕਰਨ ਦੀ ਵਿਆਪਕ ਯੋਜਨਾ ਤਹਿਤ ਗਾਜ਼ਾ ਦੇ ਪੁਨਰ ਨਿਰਮਾਣ ਲਈ ਬਣਾਏ ਗਏ ‘ਬੋਰਡ ਆਫ਼ ਪੀਸ’ ਵਿਚ ਨਾਮਜ਼ਦ ਕੀਤਾ ਗਿਆ ਹੈ।
ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ‘ਬੋਰਡ ਆਫ਼ ਪੀਸ’ ਦੇ ਸੰਸਥਾਪਕ ਕਾਰਜਕਾਰੀ ਬੋਰਡ ਲਈ ਨਿਯੁਕਤ ਮੈਂਬਰਾਂ ਦੀ ਸੂਚੀ ਜਾਰੀ ਕੀਤੀ। ਵਾਈਟ ਹਾਊਸ ਅਨੁਸਾਰ ਇਸ ਵਿਚ ਉਹ ਆਗੂ ਸ਼ਾਮਲ ਹਨ, ਜਿਨ੍ਹਾਂ ਕੋਲ ਕੂਟਨੀਤੀ, ਵਿਕਾਸ, ਬੁਨਿਆਦੀ ਢਾਂਚੇ ਅਤੇ ਆਰਥਿਕ ਰਣਨੀਤੀ ਵਿਚ ਵਿਆਪਕ ਤਜ਼ਰਬਾ ਹੈ। ਬੰਗਾ ਅਤੇ ਰੂਬੀਓ ਤੋਂ ਇਲਾਵਾ, ਕਾਰਜਕਾਰੀ ਬੋਰਡ ਵਿਚ ਮੱਧ ਪੂਰਬ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ, ਟਰੰਪ ਦੇ ਜਵਾਈ ਜੇਰਡ ਕੁਸ਼ਨਰ, ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਪ੍ਰਾਈਵੇਟ ਇਕੁਇਟੀ ਫਰਮ ਅਪੋਲੋ ਗਲੋਬਲ ਮੈਨੇਜਮੈਂਟ ਦੇ ਸੀ.ਈ.ਓ. ਮਾਰਕ ਰੋਵਨ ਅਤੇ ਅਮਰੀਕਾ ਦੇ ਉਪ ਕੌਮੀ ਸੁਰੱਖਿਆ ਸਲਾਹਕਾਰ ਰੌਬਰਟ ਗੈਬਰੀਅਲ ਸ਼ਾਮਲ ਹਨ।