ਜਾਤੀ ਜਨਗਣਨਾ ਬਾਰੇ ਹਾਲੇ ਕੋਈ ਫੈਸਲਾ ਨਹੀਂ ਹੋਇਆ; ਕਰੋਨਾ ਮਹਾਮਾਰੀ ਕਾਰਨ 2021 ਵਿਚ ਮਰਦਮਸ਼ੁਮਾਰੀ ਦਾ ਕੰਮ ਨਹੀਂ ਹੋ ਸਕਿਆ ਸੀ ਮੁਕੰਮਲ
ਨਵੀਂ ਦਿੱਲੀ, 28 ਅਕਤੂਬਰ (ਪੰਜਾਬ ਮੇਲ)- ਇਸ ਦਹਾਕੇ ਦੀ ਜਨਗਣਨਾ ਅਤੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐੱਨ.ਪੀ.ਆਰ.) ਨੂੰ ਅਪਡੇਟ ਕਰਨ ਦਾ ਕੰਮ ਸਾਲ 2025 ਦੇ ਸ਼ੁਰੂ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਸਬੰਧੀ ਅੰਕੜੇ 2026 ‘ਚ ਐਲਾਨੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਇਸ ਵਾਰ ਦੀ ਜਨਗਣਨਾ ਦਾ ਕੰਮ ਪਹਿਲਾਂ ਹੀ ਦੇਰੀ ਨਾਲ ਚੱਲ ਰਿਹਾ ਹੈ ਤੇ ਲੇਟ ਹੋਣ ਤੋਂ ਬਾਅਦ ਜਨਗਣਨਾ ਦਾ ਹਰ ਦਸ ਸਾਲਾਂ ਬਾਅਦ ਹੁੰਦੇ ਚੱਕਰ ਦਾ ਸਾਲ ਵੀ ਬਦਲਿਆ ਜਾਵੇਗਾ। ਹਾਲਾਂਕਿ ਜਾਤੀ ਜਨਗਣਨਾ ਬਾਰੇ ਫੈਸਲਾ ਨਹੀਂ ਹੋ ਸਕਿਆ ਕਿ ਇਹ ਵੀ ਆਮ ਜਨਗਣਨਾ ਨਾਲ ਹੀ ਮੁਕੰਮਲ ਹੋਵੇਗੀ ਕਿ ਨਹੀਂ। ਦੱਸਣਾ ਬਣਦਾ ਹੈ ਕਿ ਦੇਸ਼ ਦੀ ਜਨਗਣਨਾ 1951 ਤੋਂ ਹਰ 10 ਸਾਲਾਂ ਬਾਅਦ ਕੀਤੀ ਜਾਂਦੀ ਹੈ ਪਰ ਕਰੋਨਾ ਮਹਾਮਾਰੀ ਕਾਰਨ 2021 ਵਿਚ ਜਨਗਣਨਾ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ ਤੇ ਹਾਲੇ ਤੱਕ ਇਸ ਦੇ ਅਗਲੇ ਪ੍ਰੋਗਰਾਮ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਇਸ ਵਾਰ ਜਨਗਣਨਾ ਦੇ ਚੱਕਰ ਵਿਚ ਵੀ ਬਦਲਾਅ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਲਈ ਇਹ ਚੱਕਰ 2025-2035 ਅਤੇ ਅਗਲਾ 2035-2045 ਅਤੇ ਭਵਿੱਖ ਵਿਚ ਇਸ ਤਰ੍ਹਾਂ ਦਸ ਦਸ ਸਾਲਾਂ ਦਾ ਹੋਵੇਗਾ। ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ ਨੇ ਜਨਗਣਨਾ ਅਭਿਆਸ ਦੌਰਾਨ ਆਮ ਲੋਕਾਂ ਨੂੰ ਪੁੱਛੇ ਜਾਣ ਵਾਲੇ 31 ਸਵਾਲ ਤਿਆਰ ਕੀਤੇ ਸਨ।