ਉਨ੍ਹਾਂ ਇਥੇ ਪਹਿਲਾਂ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਬਾਅਦ ’ਚ ਜਨਰਲ ਹਾਊਸ ਸੱਦਣ ਸਬੰਧੀ ਫ਼ੈਸਲਾ ਬਾਰੇ ਜਾਣਕਾਰੀ ਦਿੱਤੀ। ਧਾਮੀ ਨੇ ਕਥਿਤ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ’ਤੇ ਗੋਲੀਬਾਰੀ ਕਰਵਾ ਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ ਜਿਸ ਲਈ ਗ੍ਰਹਿ ਮੰਤਰੀ ਹੁੰਦਿਆਂ ਉਹ ਸਿੱਧੇ ਤੌਰ ’ਤੇ ਜਵਾਬਦੇਹ ਹਨ।
ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਇਸ ਮਸਲੇ ਪ੍ਰਤੀ ਚੁੱਪ ਨਹੀਂ ਬੈਠੇਗੀ ਅਤੇ ਸਰਕਾਰ ਤੇ ਪੁਲੀਸ ਦੀ ਘਿਨਾਉਣੀ ਕਾਰਵਾਈ ਨੂੰ ਨਸ਼ਰ ਕਰੇਗੀ। ਉਨ੍ਹਾਂ ਮੁਤਾਬਕ ਇਸ ਨੂੰ ਲੈ ਕੇ ਅੱਜ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਵਿਚਾਰ ਲਏ ਹਨ, ਜਿਸ ਅਨੁਸਾਰ ਪਹਿਲੀ ਫਰਵਰੀ ਨੂੰ ਦੁਪਹਿਰ 12 ਵਜੇ ਅੰਮ੍ਰਿਤਸਰ ਵਿਖੇ ਜਨਰਲ ਇਜਲਾਸ ਬੁਲਾਇਆ ਗਿਆ ਹੈ। ਵਿਸ਼ੇਸ਼ ਇਜਲਾਸ ਦੌਰਾਨ ਮੈਂਬਰਾਂ ਦੀ ਰਾਇ ਲਈ ਜਾਵੇਗੀ ਜਦਕਿ ਇਸ ਤੋਂ ਪਹਿਲਾਂ ਸਮੂਹ ਮੈਂਬਰਾਂ ਨੂੰ ਜਾਂਚ ਰਿਪੋਰਟ ਤੇ ਸਬੂਤਾਂ ਦਾ ਵੇਰਵਾ ਭੇਜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਸਿੱਖ ਵਿਰੋਧੀ ਦੱਸਦਿਆਂ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਡੇਰਾ ਸਿਰਸਾ ਮੁਖੀ ਖਿਲਾਫ਼ ਕੇਸ ਚਲਾਉਣ ਨੂੰ ਪੌਣੇ 2 ਸਾਲ ਬੀਤਣ ’ਤੇ ਸਰਕਾਰ ਵੱਲੋਂ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ’ਤੇ ਸਵਾਲ ਉਠਾਏ ਅਤੇ ਕਿਹਾ, ‘‘ਇਨਸਾਫ਼ ਇਕਪਾਸੜ ਨਹੀਂ ਹੋਣਾ ਚਾਹੀਦਾ। ਸਰਕਾਰਾਂ ਨੂੰ ਬੰਦੀ ਸਿੰਘਾਂ ਲਈ ਵੀ ਬਰਾਬਰ ਨੀਤੀ ਰੱਖਣੀ ਚਾਹੀਦੀ ਹੈ।’’